ਟੀ-20 ਵਿਸ਼ਵ ਚੈਂਪੀਅਨ ਭਾਰਤੀ ਟੀਮ ਦਾ ਵਾਨਖੇੜੇ ਸਟੇਡੀਅਮ ਵਿੱਚ ਸ਼ਾਨਦਾਰ ਸਵਾਗਤ
ਮੁੰਬਈ, 4 ਜੁਲਾਈ
ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਵਾਨਖੇੜੇ ਸਟੇਡੀਅਮ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ। ਟੀ-20 ਵਿਸ਼ਵ ਚੈਂਪੀਅਨ ਬਣੀ ਭਾਰਤੀ ਟੀਮ ਲਈ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਰੱਖਿਆ ਸਮਾਗਮ ਸਮਾਪਤ ਹੋ ਗਿਆ ਹੈ। ਇਹ ਸਮਾਗਮ ਕੌਮੀ ਗੀਤ ਨਾਲ ਸ਼ੁਰੂ ਹੋਇਆ। ਇਸ ਮੌਕੇ ਕਪਤਾਨ ਰੋਹਿਤ ਸ਼ਰਮਾ ਨੇ ਜੇਤੂ ਟਰਾਫੀ ਦੇਸ਼ ਨੂੰ ਸਮਰਪਿਤ ਕੀਤੀ। ਉਸ ਤੋਂ ਬਾਅਦ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਉਹ ਟੀਮ ਦੇ ਪਿਆਰ ਦੀ ਕਮੀ ਮਹਿਸੂਸ ਕਰਨਗੇ। ਬੀਸੀਸੀਆਈ ਨੇ ਟੀਮ ਇੰਡੀਆ ਨੂੰ 125 ਕਰੋੜ ਰੁਪਏ ਦਾ ਇਨਾਮ ਦਿੱਤਾ ਹੈ। ਇਸ ਦੌਰਾਨ ਵਿਰਾਟ ਕੋਹਲੀ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ ਨੇ ਦੇਸ਼ ਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ ਹੈ। ਉਸ ਵਰਗਾ ਗੇਂਦਬਾਜ਼ ਪੀੜ੍ਹੀ ਵਿੱਚ ਇੱਕ ਵਾਰ ਹੀ ਆਉਂਦਾ ਹੈ ਤੇ ਉਹ ਦੁਨੀਆ ਦਾ ਅੱਠਵਾਂ ਅਜੂਬਾ ਹੈ।
ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਖਿਡਾਰੀ ਮੁੰਬਈ ਦੇ ਨਰੀਮਨ ਪੁਆਇੰਟ ’ਤੇ ਤਿਰੰਗੇ ਅਤੇ ਟਰਾਫੀ ਨਾਲ ਵਿਜੈ ਰਥ (ਖੁੱਲ੍ਹੀ ਛੱਤ ਵਾਲੀ ਬੱਸ) ਵਿੱਚ ਸਵਾਰ ਹੋਏ ਤੇ ਇੱਥੋਂ 2.2 ਕਿਲੋਮੀਟਰ ਦੂਰ ਸਥਿਤ ਵਾਨਖੇੜੇ ਸਟੇਡੀਅਮ ਤਕ ਗਏ। ਇੱਥੇ ਢਾਈ ਲੱਖ ਤੋਂ ਵੱਧ ਪ੍ਰਸ਼ੰਸਕ ਆਪਣੇ ਕ੍ਰਿਕਟਰਾਂ ਦਾ ਸਵਾਗਤ ਕਰਨ ਲਈ ਪਹੁੰਚੇ। ਮੌਨਸੂਨ ਦੀ ਬਰਸਾਤ ਦੇ ਬਾਵਜੂਦ ਤਿੰਨ ਕਿਲੋਮੀਟਰ ਲੰਬੀ ਮਰੀਨ ਡਰਾਈਵ ’ਤੇ ਭੀੜ ਲੱਗੀ ਰਹੀ। ਮਹਾਰਾਸ਼ਟਰ ਸਰਕਾਰ ਨੇ ਭੀੜ ਦੇ ਮੱਦੇਨਜ਼ਰ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਹੈ। ਇਸ ਮੌਕੇ ਭਾਰਤੀ ਪ੍ਰਸੰਸਕਾਂ ਨੇ ਫੁੱਲਾਂ ਦੇ ਹਾਰ ਅਤੇ ਢੋਲ ਢਮੱਕੇ ਨਾਲ ਸਵਾਗਤ ਕੀਤਾ।