ਮਨੁੱਖੀ ਤਸਕਰੀ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨੂੰ 45 ਮਹੀਨੇ ਦੀ ਜੇਲ੍ਹ
ਨਿਊਯਾਰਕ, 28 ਜੂਨ
ਭਾਰਤੀ ਮੂਲ ਦੇ ਇੱਕ ਅਮਰੀਕੀ ਵਿਅਕਤੀ ਨੂੰ ਊਬਰ ਐਪ ਦੀ ਵਰਤੋਂ ਕਰਦਿਆਂ 800 ਭਾਰਤੀ ਨਾਗਰਿਕਾਂ ਨੂੰ ਮਨੁੱਖੀ ਤਸਕਰੀ ਜ਼ਰੀਏ ਅਮਰੀਕਾ ਲਿਆਉਣ ਦੇ ਦੋਸ਼ ਹੇਠ 45 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਨਿਆਂ ਵਿਭਾਗ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਰਾਜਿੰਦਰ ਪਾਲ ਸਿੰਘ ਉਰਫ਼ ਜਸਪਾਲ ਗਿੱਲ (49) ਨੇ ਫਰਵਰੀ ਵਿੱਚ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਕੈਨੇਡੀਅਨ ਸਰਹੱਦ ਰਾਹੀਂ ਦੇਸ਼ ਵਿੱਚ ਲਿਆਉਣ ਅਤੇ ਤਸਕਰੀ ਦੇ ਇਸ ਰੈਕੇਟ ਦਾ ਅਹਿਮ ਮੈਂਬਰ ਹੋਣ ਦੇ ਨਾਤੇ 500,000 ਤੋਂ ਵੱਧ ਡਾਲਰ ਵਸੂਲਣ ਦਾ ਦੋਸ਼ ਕਬੂਲ ਕਰ ਲਿਆ ਸੀ। ਕੈਲੀਫੋਰਨੀਆ ਦੇ ਰਹਿਣ ਵਾਲੇ ਰਾਜਿੰਦਰ ਪਾਲ ਨੂੰ ਮੰਗਲਵਾਰ ਨੂੰ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਨੇ ਸਜ਼ਾ ਸੁਣਾਈ ਹੈ। ਕਾਰਜਕਾਰੀ ਅਮਰੀਕੀ ਅਟਾਰਨੀ ਟੇਸਾ ਐੱਮ ਗੋਰਮਨ ਵੱਲੋਂ ਉਸ ਨੂੰ 45 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਕਿਹਾ, ”ਚਾਰ ਸਾਲਾਂ ਤੋਂ ਵੱਧ ਸਮੇਂ ਵਿੱਚ ਸਿੰਘ ਨੇ ਉੱਤਰੀ ਸਰਹੱਦ ਰਾਹੀਂ ਅਮਰੀਕਾ ਵਿੱਚ 800 ਤੋਂ ਵੱਧ ਵਿਅਕਤੀਆਂ ਦੀ ਤਸਕਰੀ ਕੀਤੀ।” ਉਨ੍ਹਾਂ ਕਿਹਾ ਕਿ ਸਿੰਘ ਨੇ ਅਮਰੀਕਾ ਵਿਚ ਬਿਹਤਰ ਜ਼ਿੰਦਗੀ ਦੀ ਉਮੀਦ ਨਾਲ ਆਏ ਭਾਰਤੀਆਂ ਨੂੰ ਇਸ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਅਤੇ ਉਨ੍ਹਾਂ ਨੂੰ 70,000 ਡਾਲਰ ਦੇ ਕਰਜ਼ੇ ਹੇਠ ਦੱਬ ਦਿੱਤਾ। ਮਾਮਲੇ ਦੇ ਦਸਤਾਵੇਜ਼ਾਂ ਅਨੁਸਾਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ਤੋਂ ਸੀਏਟਲ ਪਹੁੰਚੇ ਲੋਕਾਂ ਨੂੰ ਹੋਰ ਥਾਵਾਂ ‘ਤੇ ਲਿਜਾਣ ਲਈ ਊਬਰ ਦੀ ਵਰਤੋਂ ਕੀਤੀ। ਜਾਣਕਾਰੀ ਅਨੁਸਾਰ ਰਾਜਿੰਦਰ ਪਾਲ ਤੇ ਉਸ ਦੇ ਸਾਥੀ ਜੁਲਾਈ 2018 ਤੋਂ ਇਸ ਕੰਮ ਨੂੰ ਅੰਜਾਮ ਦੇ ਰਹੇ ਸਨ। -ਪੀਟੀਆਈ