ਭਾਰਤੀ ਫ਼ੌਜ ਵੱਲੋਂ ਪੈਂਗੌਂਗ ਝੀਲ ’ਤੇ ਛਤਰਪਤੀ ਸ਼ਿਵਾਜੀ ਦਾ ਬੁੱਤ ਸਥਾਪਤ
ਨਵੀਂ ਦਿੱਲੀ, 28 ਦਸੰਬਰ
ਭਾਰਤੀ ਫ਼ੌਜ ਨੇ ਅੱਜ ਲੇਹ ਵਿੱਚ 14,300 ਫੁੱਟ ਦੀ ਉਚਾਈ ’ਤੇ ਪੈਂਗੌਂਗ ਝੀਲ ਦੇ ਕੰਢੇ ਮਰਾਠਾ ਯੋਧੇ ਛਤਰਪਤੀ ਸ਼ਿਵਾਜੀ ਦਾ ਬੁੱਤ ਸਥਾਪਤ ਕੀਤਾ ਹੈ। ਇਹ ਖੇਤਰ ਪੂਰਬੀ ਲੱਦਾਖ ਸੈਕਟਰ ਵਿੱਚ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨੇੜੇ ਹੈ। ਫੌਜ ਦੀ ਲੇਹ ਸਥਿਤ 14 ਕੋਰ ਨੇ ਕਿਹਾ ਕਿ ਬੁੱਤ ਦਾ ਉਦਘਾਟਨ ਭਾਰਤੀ ਸ਼ਾਸਕ ਦੀ ‘ਅਟੁੱਟ ਭਾਵਨਾ’ ਨੂੰ ਸਮਰਪਿਤ ਹੈ। ਉਨ੍ਹਾਂ ਦੀ ਵਿਰਾਸਤ ਪ੍ਰੇਰਤਾ ਸਰੋਤ ਹੈ।
14 ਕੋਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਹਿਤੇਸ਼ ਭੱਲਾ ਵੱਲੋਂ ਬੁੱਤ ਦਾ ਉਦਘਾਟਨ ਕੀਤਾ ਗਿਆ। 14 ਕੋਰ ਨੇ ਐਕਸ ’ਤੇ ਕਿਹਾ, ‘ਬਹਾਦਰੀ, ਦੂਰਦ੍ਰਿਸ਼ਟੀ ਅਤੇ ਨਿਆਂ ਦੇ ਪ੍ਰਤੀਕ ਇਸ ਬੁੱਤ ਦਾ ਦਾ ਉਦਘਾਟਨ ਲੈਫਟੀਨੈਂਟ ਜਨਰਲ ਹਿਤੇਸ਼ ਭੱਲਾ ਨੇ ਕੀਤਾ। ਇਹ ਸਮਾਗਮ ਭਾਰਤੀ ਸ਼ਾਸਕ ਦੀ ਅਟੁੱਟ ਭਾਵਨਾ ਦਾ ਜਸ਼ਨ ਮਨਾਉਂਦਾ ਹੈ, ਜਿਸ ਦੀ ਵਿਰਾਸਤ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੀ ਹੋਈ ਹੈ। ਫ਼ੌਜ ਵੱਲੋਂ ਭਾਰਤ ਦੀ ਪ੍ਰਾਚੀਨ ਰਣਨੀਤਕ ਸੂਝ-ਬੂਝ ਨੂੰ ਸਮਕਾਲੀ ਫੌਜ ’ਚ ਏਕੀਕ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’
ਸ਼ਿਵਾਜੀ ਦਾ ਬੁੱਤ ਭਾਰਤ ਤੇ ਚੀਨ ਦਰਮਿਆਨ ਟਕਰਾਅ ਵਾਲੀਆਂ ਥਾਵਾਂ ’ਤੇ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਕੀਤਾ ਗਿਆ ਹੈ। ਦੋਵਾਂ ਧਿਰਾਂ ਨੇ 21 ਅਕਤੂਬਰ ਨੂੰ ਬਣੀ ਸਹਿਮਤੀ ਮਗਰੋਂ ਟਕਰਾਅ ਵਾਲੀਆਂ ਬਾਕੀ ਦੋ ਥਾਵਾਂ ਤੋਂ ਫੌਜਾਂ ਦੀ ਵਾਪਸੀ ਪੂਰੀ ਕਰ ਲਈ ਹੈ। -ਪੀਟੀਆਈ