ਭਾਰਤੀ ਰਾਜਦੂਤ ਕਵਾਤੜਾ ਵੱਲੋਂ ਅਮਰੀਕੀ ਉਪ ਵਿਦੇਸ਼ ਮੰਤਰੀ ਨਾਲ ਮੁਲਾਕਾਤ
ਵਾਸ਼ਿੰਗਟਨ, 29 ਅਗਸਤ
ਅਮਰੀਕਾ ਵਿਚ ਭਾਰਤ ਦੇ ਨਵੇਂ ਰਾਜਦੂਤ ਵਿਨੈ ਮੋਹਨ ਕਵਾਤੜਾ ਨੇ ਉਪ ਵਿਦੇਸ਼ ਮੰਤਰੀ ਰਿਚਰਡ ਵਰਮਾ ਨਾਲ ਬੈਠਕ ਕਰਕੇ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਇਹ ਬੈਠਕ ਅਜਿਹੇ ਮੌਕੇ ਹੋਈ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਨ ਲਈ ਅਗਲੇ ਮਹੀਨੇ ਨਿਊਯਾਰਕ ਆ ਰਹੇ ਹਨ। ਕਵਾਤੜਾ ਨੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਜੋਂ 12 ਅਗਸਤ ਨੂੰ ਚਾਰਜ ਲਿਆ ਹੈ। ਭਾਰਤੀ ਰਾਜਦੂਤ ਨੇ ਬੁੱਧਵਾਰ ਨੂੰ ਵਰਮਾ ਨਾਲ ਮੁਲਾਕਾਤ ਕੀਤੀ ਸੀ। ਚੇਤੇ ਰਹੇ ਕਿ ਅਮਰੀਕਾ ਦੇ ਸਿਖਰਲੇ ਅਧਿਕਾਰੀ ਪਿਛਲੇ ਹਫ਼ਤੇ ਭਾਰਤ ਫੇਰੀ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਸਣੇ ਕਈ ਭਾਰਤੀ ਆਗੂਆਂ ਦੇ ਰੂਬਰੂ ਹੋਏ ਸਨ।
ਕਵਾਤੜਾ ਨੇ ਬੈਠਕ ਉਪਰੰਤ ਐਕਸ ’ਤੇ ਪੋਸਟ ਵਿਚ ਕਿਹਾ, ‘ਮੇਰੇ ਦੋਸਤ ਰਿਚ ਵਰਮਾ ਨੂੰ ਮਿਲ ਕੇ ਖੁਸ਼ੀ ਹੋਈ। ਅਸੀਂ ਭਾਰਤ-ਅਮਰੀਕਾ ਭਾਈਵਾਲੀ ਨੂੰ ਅੱਗੇ ਲਿਜਾਣ ਦੇ ਢੰਗ-ਤਰੀਕਿਆਂ ਬਾਰੇ ਆਪਣੀ ਚਰਚਾ ਜਾਰੀ ਰੱਖੀ।’ ਕਵਾਤੜਾ ਨੇ ਵਰਮਾ ਵੱਲੋਂ ਉਨ੍ਹਾਂ ਦੇ ਅਮਰੀਕਾ ’ਚ ਸਵਾਗਤ ਨੂੰ ਲੈ ਕੇ ਪਾਈ ਪੋਸਟ ਦੇ ਜਵਾਬ ਵਿਚ ਐਕਸ ’ਤੇ ਇਹ ਸੁਨੇਹਾ ਪੋਸਟ ਕੀਤਾ ਸੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਉਹ 22 ਸਤੰਬਰ ਨੂੰ ਨਿਊਯਾਰਕ ਦੇ ਨਸਾਓ ਵੈਟਰਨਜ਼ ਮੈਮੋਰੀਅਲ ਕੋਲੀਸਮ ਵਿਚ ‘ਮੋਦੀ ਐਂਡ ਯੂਐੱਸ’ ਪ੍ਰੋਗਰੈੱਸ ਟੁਗੈਦਰ’ ਪ੍ਰੋਗਰਾਮ ਨੂੰ ਵੀ ਸੰਬੋਧਨ ਕਰਨਗੇ, ਜਿਸ ਲਈ 24000 ਤੋਂ ਵੱਧ ਭਾਰਤੀ-ਅਮਰੀਕੀਆਂ ਨੇ ਰਜਿਸਟਰੇਸ਼ਨ ਕਰਵਾਈ ਹੈ। -ਪੀਟੀਆਈ