ਇੰਡੀਅਨ ਐਕਰੈਲਿਕਸ ਫੈਕਟਰੀ ਵਰਕਰਾਂ ਵੱਲੋਂ ਮੈਨੇਜਮੈਂਟ ਖ਼ਿਲਾਫ਼ ਮੁਜ਼ਾਹਰਾ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 27 ਅਕਤੂਬਰ
ਦੀਵਾਲੀ ਮੌਕੇ ਬੋਨਸ ਅਤੇ ਗਿਫ਼ਟ ਨਾ ਦੇਣ ਦੇ ਰੋਸ ਵਜੋਂ ਅੱਜ ਇੰਡੀਅਨ ਐਕਰੈਲਿਕਸ ਵਰਕਰਜ਼ ਦਲ ਸੀਟੂ ਵੱਲੋਂ ਫੈਕਟਰੀ ਦੇ ਮੁੱਖ ਗੇਟ ਅੱਗੇ ਜਨਰਲ ਬਾਡੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦਲ ਦੇ ਪ੍ਰਧਾਨ ਸੁਖਵੀਰ ਸਿੰਘ, ਜਨਰਲ ਸਕੱਤਰ ਮਲਕੀਤ ਸਿੰਘ ਅਤੇ ਮੀਤ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਹਰ ਸਾਲ ਦੀਵਾਲੀ ਮੌਕੇ ਮਨੇਜਮੈਂਟ ਵੱਲੋਂ ਵਰਕਰਾਂ ਨੂੰ ਬੋਨਸ ਅਤੇ ਗਿਫ਼ਟ ਦਿੱਤਾ ਜਾਂਦਾ ਹੈ ਪਰ ਇਸ ਵਾਰ ਮੈਨੇਜਮੈਂਟ ਵੱਲੋਂ ਇਹ ਰਾਸ਼ੀ ਦੇਣ ਤੋਂ ਕੋਰਾ ਇਨਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਹਾਇਕ ਕਿਰਤ ਕਮਿਸ਼ਨਰ ਸੰਗਰੂਰ ਰਾਹੀਂ ਸਾਲ 2022-23 ਦੀ ਦੀਵਾਲੀ ਦੀ ਗਿਫਟ ਰਾਸ਼ੀ ਦਾ ਸਮਝੌਤਾ ਹੋਇਆ ਸੀ, ਜਿਸ ਦੀ ਰਾਸ਼ੀ ਬੋਨਸ ਐਕਟ 1965 ਅਤੇ ਦੀਵਾਲੀ ਗਿਫਟ ਦੇ ਰੂਪ ਵਿੱਚ 4790 ਰੁਪਏ ਅਦਾ ਕੀਤੇ ਗਏ ਸਨ। ਹੁਣ ਪਿਛਲੇ ਸਾਲ ਨਾਲੋਂ ਮਹਿੰਗਾਈ ਵਧ ਗਈ ਹੈ, ਪਰ ਮੈਨੇਜਮੈਂਟ ਵੱਲੋਂ ਪਿਛਲੇ ਸਾਲ ਜਿੰਨੀ ਰਾਸ਼ੀ ਵੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਤਾੜਨਾ ਕੀਤੀ ਕਿ ਜੇਕਰ ਮਜ਼ਦੂਰਾਂ ਨੂੰ ਦੀਵਾਲੀ ਤੋਂ ਪਹਿਲਾਂ ਇਹ ਰਾਸ਼ੀ ਨਹੀਂ ਦਿੱਤੀ ਗਈ ਤਾਂ ਸਾਰੇ ਵਰਕਰ ਫੈਕਟਰੀ ਦੇ ਮੁੱਖ ਗੇਟ ’ਤੇ ਆਪਣੇ ਪਰਿਵਾਰ ਸਮੇਤ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਭਾਕਿਯੂ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਘਰਾਚੋਂ ਅਤੇ ਹਰਜਿੰਦਰ ਸਿੰਘ ਘਰਾਚੋਂ ਨੇ ਵੀ ਮਜ਼ਦੂਰਾਂ ਨਾਲ ਇਕਜੁੱਟਤਾ ਜ਼ਾਹਰ ਕੀਤੀ। ਇਸ ਦੌਰਾਨ ਫੈਕਟਰੀ ਮੈਨੇਜਮੈਂਟ ਦੇ ਨੁਮਾਇੰਦੇ ਇੰਦਰਪਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਫੈਕਟਰੀ ਵੱਲੋਂ ਰੂਲ ਅਨੁਸਾਰ ਇਸ ਵਾਰ ਵੀ ਵਰਕਰਾਂ ਨੂੰ ਦੀਵਾਲੀ ਦਾ ਬੋਨਸ ਦਿੱਤਾ ਜਾਵੇਗਾ।