ਭਾਰਤ ਜਿਊਂਦੀ-ਜਾਗਦੀ ਜਮਹੂਰੀਅਤ: ਵ੍ਹਾਈਟ ਹਾਊਸ
ਵਾਸ਼ਿੰਗਟਨ, 6 ਜੂਨ
ਮੁੱਖ ਅੰਸ਼
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅਖੀਰ ਵਿੱਚ ਅਮਰੀਕਾ ਦੌਰੇ ‘ਤੇ ਜਾਣਗੇ
ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਜਿਉਂਦੀ-ਜਾਗਦੀ ਜਮਹੂਰੀਅਤ ਹੈ ਅਤੇ ਉੱਥੇ ਜਾਣ ਵਾਲਾ ਕੋਈ ਵੀ ਵਿਅਕਤੀ ਇਸ ਗੱਲ ਨੂੰ ਖ਼ੁਦ ਮਹਿਸੂਸ ਕਰ ਸਕਦਾ ਹੈ। ਭਾਰਤ ਵਿੱਚ ਲੋਕਤੰਤਰ ਦੀ ਸਥਿਤੀ ਉੱਤੇ ਚਿੰਤਾਵਾਂ ਨੂੰ ਖਾਰਿਜ ਕਰਦਿਆਂ ਵ੍ਹਾਈਟ ਹਾਊਸ ਨੇ ਇਹ ਗੱਲ ਆਖੀ। ਗ਼ੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅਖੀਰ ਵਿੱਚ ਅਮਰੀਕਾ ਦੇ ਦੌਰੇ ‘ਤੇ ਆਉਣਗੇ।
ਵ੍ਹਾਈਟ ਹਾਊਸ ਵਿੱਚ ਕੌਮੀ ਸੁਰੱਖਿਆ ਕੌਂਸਲ ਵਿੱਚ ਰਣਨੀਤਕ ਵਾਰਤਾ ਦੇ ਕੋਆਰਡੀਨੇਟਰ ਜੌਹਨ ਕਿਰਬੀ ਨੇ ਕਿਹਾ,’ਭਾਰਤ ਜਿਊਂਦੀ ਜਾਗਦੀ ਜਮਹੂਰੀਅਤ ਹੈ, ਜਿਹੜਾ ਵੀ ਭਾਰਤ ਜਾਂਦਾ ਹੈ, ਇਸ ਨੂੰ ਖ਼ੁਦ ਮਹਿਸੂਸ ਕਰ ਸਕਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਜਮਹੂਰੀ ਸੰਸਥਾਵਾਂ ਦੀ ਤਾਕਤ ਤੇ ਉਨ੍ਹਾਂ ਦੀ ਸਥਿਤੀ ਚਰਚਾ ਦਾ ਹਿੱਸਾ ਹੋਵੇਗੀ।’ ਕਿਰਬੀ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ,’ਅਸੀਂ ਕਦੇ ਝਿਜਕਦੇ ਨਹੀਂ ਹਾਂ। ਤੁਸੀਂ ਆਪਣੇ ਦੋਸਤਾਂ ਨਾਲ ਅਜਿਹਾ ਕਰ ਸਕਦੇ ਹੋ। ਤੁਹਾਨੂੰ ਦੋਸਤਾਂ ਨਾਲ ਅਜਿਹਾ ਹੀ ਕਰਨਾ ਚਾਹੀਦਾ ਹੈ। ਤੁਸੀਂ ਕਦੇ ਵੀ ਉਨ੍ਹਾਂ ਚਿੰਤਾਵਾਂ ਨੂੰ ਜ਼ਾਹਰ ਕਰਨ ਤੋਂ ਹਿਚਕਚਾਉਂਦੇ ਨਹੀਂ ਜੋ ਦੁਨੀਆ ਵਿੱਚ ਪੈਦਾ ਹੋ ਰਹੀਆਂ ਹੋਣ। ਹਾਲਾਂਕਿ ਇਹ ਯਾਤਰਾ ਰਿਸ਼ਤੇ ਗੂੜ੍ਹੇ ਕਰਨ, ਸਾਂਝੇਦਾਰੀ ਮਜ਼ਬੂਤ ਕਰਨ ਤੇ ਦੋਸਤੀ ਅੱਗੇ ਵਧਾਉਣ ਉੱਤੇ ਕੇਂਦਰਿਤ ਹੋਵੇਗੀ।’ ਕਿਰਬੀ ਨੇ ਕਿਹਾ ਕਿ ਭਾਰਤ ਕਈ ਪੱਧਰਾਂ ‘ਤੇ ਅਮਰੀਕਾ ਦਾ ਅਹਿਮ ਹਿੱਸੇਦਾਰ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾਲ ਵਧੀਕ ਰੱਖਿਆ ਤਾਲਮੇਲ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ,’ਭਾਰਤ ਦੇ ਅਹਿਮ ਹੋਣ ਦੇ ਕਈ ਕਾਰਨ ਹਨ, ਸਾਡੇ ਦੋਵਾਂ ਮੁਲਕਾਂ ਵਿਚਾਲੇ ਹੀ ਨਹੀਂ ਸਗੋਂ ਬਹੁਤ ਸਾਰੇ ਪੱਧਰਾਂ ‘ਤੇ ਬਹੁਪੱਖੀ ਸਬੰਧ ਹਨ। ਰਾਸ਼ਟਰਪਤੀ ਪ੍ਰਧਾਨ ਮੰਤਰੀ ਮੋਦੀ ਨਾਲ ਇੱਥੇ ਸਾਂਝੇਦਾਰੀ ਤੇ ਦੋਸਤੀ ਨੂੰ ਗੂੜ੍ਹੀ ਕਰਨ ਜਿਹੇ ਮੁੱਦਿਆਂ ‘ਤੇ ਗੱਲਬਾਤ ਕਰਨ ਲਈ ਆਸਵੰਦ ਹਨ।’ ਮੋਦੀ 21 ਤੋਂ 24 ਜੂਨ ਨੂੰ ਅਮਰੀਕਾ ਦੇ ਦੌਰੇ ‘ਤੇ ਜਾ ਰਹੇ ਹਨ। -ਪੀਟੀਆਈ
ਅਮਰੀਕੀ ਕਾਂਗਰਸ ਦੀ ਸਾਂਝੀ ਮੀਟਿੰਗ ਨੂੰ ਮੁੜ ਸੰਬੋਧਨ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਉਤਸ਼ਾਹਿਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੂੰ ਅਮਰੀਕਾ ਨਾਲ ਆਪਣੀ ਵਿਆਪਕ ਰਣਨੀਤਕ ਭਾਈਵਾਲੀ ਉਤੇ ਮਾਣ ਹੈ ਜੋ ਕਿ ਸਾਂਝੀਆਂ ਲੋਕਤੰਤਰਿਕ ਕਦਰਾਂ, ਆਲਮੀ ਸ਼ਾਂਤੀ-ਖੁਸ਼ਹਾਲੀ ਉਤੇ ਅਧਾਰਿਤ ਹੈ। ਅਮਰੀਕੀ ਕਾਂਗਰਸ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਮਿਲੇ ਸੱਦੇ ਲਈ ਮੋਦੀ ਨੇ ਸਦਨ ਦੇ ਸਪੀਕਰ ਕੇਵਿਨ ਮੈਕਾਰਥੀ, ਸੈਨੇਟ ਦੇ ਆਗੂ ਚੱਕ ਸ਼ੂਮਰ, ਸੈਨੇਟ ਦੇ ਰਿਪਬਲਿਕਨ ਆਗੂ ਮਿਚ ਮੈੱਕਕੌਨਲ ਤੇ ਸਦਨ ਦੇ ਡੈਮੋਕਰੈਟਿਕ ਆਗੂ ਹਕੀਮ ਜੈਫਰੀਜ਼ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਆਪਣੀ ਅਗਾਮੀ ਅਮਰੀਕਾ ਫੇਰੀ ਦੌਰਾਨ 22 ਜੂਨ ਨੂੰ ਦੂਜੀ ਵਾਰ ਕਾਂਗਰਸ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਨ ਜਾ ਰਹੇ ਹਨ। -ਪੀਟੀਆਈ