ਭਾਰਤ ਦਾ ਲੋਕਤੰਤਰ ਸੰਵਿਧਾਨ ਦੀ ਪਾਲਣਾ ਕਰਦਾ ਰਹੇਗਾ: ਰਾਹੁਲ
ਨਵੀਂ ਦਿੱਲੀ, 26 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੁਲਕ ’ਚ ਲੋਕਤੰਤਰ ਸੰਵਿਧਾਨ ਮੁਤਾਬਕ ਹੀ ਕੰਮ ਕਰੇਗਾ ਅਤੇ ਲੋਕਾਂ ਦੀ ਆਵਾਜ਼ ਬੁਲੰਦ ਹੋਵੇਗੀ ਜੋ ਭਾਜਪਾ ਦੀ ‘ਧੋਖੇ ਦੀ ਸਾਜ਼ਿਸ਼’ ਨੂੰ ਨਕਾਰੇਗੀ। ਉਹ ਕਾਂਗਰਸ ਦੇ ‘ਸਪੀਕ ਅੱਪ ਫਾਰ ਡੈਮੋਕਰੈਸੀ’ ਆਨਲਾਈਨ ਮੁਹਿੰਮ ’ਚ ਹਿੱਸਾ ਲੈ ਰਹੇ ਸਨ ਜਿਸ ’ਚ ਉਹ ਭਾਜਪਾ ਵੱਲੋਂ ਰਾਜਸਥਾਨ ਦੀ ਅਸ਼ੋਕ ਗਹਿਲੋਤ ਅਤੇ ਹੋਰ ਸੂਬਿਆਂ ’ਚ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੂੰ ਡੇਗਣ ਦੇ ਨਾਪਾਕ ਮਨਸੂਬਿਆਂ ਦਾ ਪਰਦਾਫਾਸ਼ ਕਰ ਰਹੇ ਹਨ। ਰਾਜਸਥਾਨ ’ਚ ਕਾਂਗਰਸ ਪਾਰਟੀ ਦੇ ਇੰਚਾਰਜ ਅਵਨਿਾਸ਼ ਪਾਂਡੇ ਨੇ ਕਿਹਾ ਕਿ ਭਾਜਪਾ ਲੋਕਤੰਤਰੀ ਰਵਾਇਤਾਂ ਦੀ ਉਲੰਘਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਰਾਜਸਥਾਨ ’ਚ ਕੋਵਿਡ-19 ਮਹਾਮਾਰੀ ਨੂੰ ਕੰਟਰੋਲ ਕਰਨ ਦੀਆਂ ਬਿਹਤਰੀਨ ਕੋਸ਼ਿਸ਼ਾਂ ਕਰ ਰਹੀ ਹੈ ਜਿਸ ਦੀ ਆਲਮੀ ਪੱਧਰ ’ਤੇ ਸ਼ਲਾਘਾ ਹੋ ਰਹੀ ਹੈ ਪਰ ਅਜਿਹੇ ਸਮੇਂ ’ਚ ਭਾਜਪਾ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦੇ ਜੁਗਾੜ ’ਚ ਲੱਗੀ ਹੋਈ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਵੱਲੋਂ ਮੱਧ ਪ੍ਰਦੇਸ਼ ਅਤੇ ਹੁਣ ਰਾਜਸਥਾਨ ’ਚ ਲੋਕਤੰਤਰ ਦੀ ਸ਼ਰੇਆਮ ਹੱਤਿਆ ਕਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ ਹੈ।
ਕਰੋਨਾ ਅਤੇ ਚੀਨ ਨਾਲ ਸਿੱਝਣ ਦੀ ਬਜਾਏ ਕੇਂਦਰ ਕਾਂਗਰਸ ਸਰਕਾਰਾਂ ਡੇਗਣ ਦੀਆਂ ਸਾਜ਼ਿਸ਼ਾਂ ਕਰ ਰਿਹੈ: ਮਾਕਨ
ਕਾਂਗਰਸ ਆਗੂ ਅਜੈ ਮਾਕਨ ਨੇ ਕੇਂਦਰ ’ਤੇ ਦੋਸ਼ ਲਾਇਆ ਹੈ ਕਿ ਉਹ ਕਰੋਨਾਵਾਇਰਸ ਅਤੇ ਚੀਨ ਨਾਲ ਮੁਕਾਬਲਾ ਕਰਨ ਦੀ ਥਾਂ ’ਤੇ ਵੱਖ ਵੱਖ ਸੂਬਿਆਂ ’ਚ ਕਾਂਗਰਸ ਸਰਕਾਰਾਂ ਨੂੰ ਡੇਗਣ ਦੀਆਂ ਸਾਜ਼ਿਸ਼ਾਂ ਘੜ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਲਈ ਸੋਮਵਾਰ ਨੂੰ ਕਾਂਗਰਸ ਵਰਕਰਾਂ ਵੱਲੋਂ ਦੇਸ਼ ਭਰ ਦੇ ਰਾਜ ਭਵਨਾਂ ਮੂਹਰੇ ਪ੍ਰਦਰਸ਼ਨ ਕੀਤੇ ਜਾਣਗੇ। -ਪੀਟੀਆਈ