ਭਾਰਤ ਨੇ ਅਫਗਾਨਿਸਤਾਨ ਤੋਂ ਟੀ-20 ਮੈਚਾਂ ਦੀ ਲੜੀ ਜਿੱਤੀ
ਇੰਦੌਰ: ਭਾਰਤ ਨੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ’ਚ ਅੱਜ ਇੱਥੇ ਅਫ਼ਗਾਨਿਸਤਾਨ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 2-0 ਦੀ ਜੇਤੂ ਲੀਡ ਹਾਸਲ ਕਰ ਲਈ ਹੈ। ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ’ਚ ਸਾਰੀਆਂ ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ ਜਦਕਿ ਭਾਰਤ ਨੇ 15.4 ਓਵਰਾਂ ’ਚ ਚਾਰ ਵਿਕਟਾਂ ’ਤੇ 173 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ। ਲੜੀ ਦਾ ਤੀਜਾ ਤੇ ਆਖਰੀ ਮੈਚ 17 ਜਨਵਰੀ ਨੂੰ ਬੰਗਲੂਰੂ ’ਚ ਖੇਡਿਆ ਜਾਵੇਗਾ। ਭਾਰਤ ਵੱਲੋਂ ਯਸ਼ਸਵੀ ਜੈਸਵਾਲ ਨੇ 34 ਗੇਂਦਾਂ ’ਚ ਛੇ ਛੱਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ ਜਦਕਿ ਸ਼ਿਵਮ ਦੂਬੇ ਨੇ 32 ਗੇਂਦਾਂ ਵਿੱਚ 63 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਨੇ 26 ਗੇਂਦਾਂ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ। ਅਫ਼ਗਾਨਿਸਤਾਨ ਵੱਲੋਂ ਗੁਲਬਦੀਨ ਨਾਇਬ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ ਜਦਕਿ ਮੁਜੀਬ-ਉਰ-ਰਹਿਮਾਨ ਨੇ 21 ਤੇ ਕਰੀਮ ਜੰਨਤ ਨੇ 20 ਦੌੜਾਂ ਬਣਾਈਆਂ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ 32 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਸਪਿੰਨਰ ਅਕਸ਼ਰ ਪਟੇਲ ਨੇ ਚਾਰ ਓਵਰਾਂ ’ਚ 17 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਭਾਰਤੀ ਕਪਤਾਨ ਰੋਹਿਤ ਸ਼ਰਮਾ ਆਪਣੇ 150ਵੇਂ ਟੀ20 ਕੌਮਾਂਤਰੀ ਮੈਚ ਨੂੰ ਯਾਦਗਾਰੀ ਨਹੀਂ ਬਣਾ ਸਕੇ ਅਤੇ ਪਾਰੀ ਦੇ ਪਹਿਲੇ ਹੀ ਓਵਰ ’ਚ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। 14 ਮਹੀਨੇ ਬਾਅਦ ਆਪਣਾ ਪਹਿਲਾ ਟੀ20 ਕੌਮਾਂਤਰੀ ਮੈਚ ਖੇਡ ਰਹੇ ਵਿਰਾਟ ਕੋਹਲੀ ਵੱਡੀ ਪਾਰੀ ਨਾ ਖੇਡ ਸਕੇ ਤੇ 29 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਮਗਰੋਂ ਸ਼ਿਵਮ ਤੇ ਜੈਸਵਾਲ ਨੇ ਸ਼ਾਨਦਾਰ ਅਰਧ ਸੈਂਕੜਿਆਂ ਦੀਆਂ ਪਾਰੀਆਂ ਖੇਡਦੇ ਹੋਏ ਟੀਮ ਨੂੰ ਜਿੱਤ ਤੱਕ ਪਹੁੰਚਾਇਆ। -ਪੀਟੀਆਈ