ਏਸ਼ਿਆਈ ਖੇਡਾਂ: ਭਾਰਤ ਦੀ 10 ਮੀਟਰ ਏਅਰ ਰਾਈਫਲ ਟੀਮ ਨੂੰ ਵਿਸ਼ਵ ਰਿਕਾਰਡ ਨਾਲ ਸੋਨ ਤੇ ਤੋਮਰ ਨੂੰ ਵਿਅਕਤੀਗਤ ਮੁਕਾਬਲੇ ’ਚ ਕਾਂਸੀ
ਹਾਂਗਜ਼ੂ, 25 ਸਤੰਬਰ
ਭਾਰਤੀ ਨਿਸ਼ਾਨੇਬਾਜ਼ਾਂ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਟੀਮ ਸੋਨ ਤਗ਼ਮੇ ਸਮੇਤ ਤਿੰਨ ਤਗ਼ਮੇ ਜਿੱਤ ਕੇ ਭਾਰਤ ਨੂੰ ਦੋ ਦਿਨਾਂ ਵਿੱਚ ਪੰਜ ਤਗ਼ਮੇ ਦਿੱਤੇ। ਵਿਸ਼ਵ ਚੈਂਪੀਅਨ ਰੁਦਰਾਂਕਸ਼ ਪਾਟਿਲ ਦੀ ਅਗਵਾਈ ਵਿੱਚ ਭਾਰਤ ਦੀ 10 ਮੀਟਰ ਏਅਰ ਰਾਈਫਲ ਟੀਮ ਨੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਵਿਸ਼ਵ ਰਿਕਾਰਡ ਸਕੋਰ ਨਾਲ ਦੇਸ਼ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ। ਐਸ਼ਵਰੇ ਪ੍ਰਤਾਪ ਸਿੰਘ ਤੋਮਰ ਨੇ ਫਿਰ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਉਸ ਨੇ ਚੌਥੇ ਸਥਾਨ ’ਤੇ ਰਹੇ ਰੁਦਰਾਂਕਸ਼ ਨੂੰ ਹਰਾਇਆ। ਆਦਰਸ਼ ਸਿੰਘ, ਅਨੀਸ਼ ਭਾਨਵਾਲਾ ਅਤੇ ਵਿਜੈਵੀਰ ਸਿੱਧੂ ਦੀ ਭਾਰਤੀ ਤਿਕੜੀ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਟੀਮ ਮੁਕਾਬਲੇ ਵਿੱਚ ਇੰਡੋਨੇਸ਼ੀਆ ਨਾਲ 1718 ਅੰਕਾਂ ਨਾਲ ਬਰਾਬਰੀ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ।
ਭਾਰਤ ਦੀ 10 ਮੀਟਰ ਪੁਰਸ਼ ਰਾਈਫਲ ਟੀਮ ਨੇ 1893.7 ਅੰਕਾਂ ਨਾਲ ਵਿਸ਼ਵ ਰਿਕਾਰਡ ਵੀ ਤੋੜਿਆ। ਭਾਰਤੀ ਸ਼ੂਟਰਾਂ ਨੇ ਚੀਨ ਦੇ 1893.3 ਅੰਕਾਂ ਦੇ ਰਿਕਾਰਡ ਨੂੰ ਮਾਤ ਪਾਈ। ਏਸ਼ਿਆਈ ਖੇਡਾਂ 2023 ਵਿੱਚ ਭਾਰਤ ਦਾ ਇਹ ਪਹਿਲਾ ਸੋਨ ਤਗਮਾ ਹੈ।