ਜਪਾਨ ਪੈਰਾ ਬੈਡਮਿੰਟਨ ਟੂਰਨਾਮੈਂਟ ’ਚ ਭਾਰਤ ਨੇ 24 ਤਗ਼ਮੇ ਜਿੱਤੇ
ਟੋਕੀਓ, 27 ਅਕਤੂਬਰ
ਸਿਵਰਾਜਨ ਸੋਲਾਇਮਲਾਈ ਅਤੇ ਸੁਕਾਂਤ ਕਦਮ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਅੱਜ ਜਪਾਨ ਪੈਰਾ ਬੈਡਮਿੰਟਨ ਕੌਮਾਂਤਰੀ ਟੂਰਨਾਮੈਂਟ ਵਿੱਚ 24 ਤਗ਼ਮੇ ਜਿੱਤੇ। ਭਾਰਤ ਨੇ ਛੇ ਸੋਨ, ਨੌਂ ਚਾਂਦੀ ਅਤੇ ਨੌਂ ਕਾਂਸੀ ਦੇ ਤਗ਼ਮੇ ਜਿੱਤੇ। ਸਿਵਰਾਜਨ ਨੂੰ ਦੋਹਰੀ ਸਫ਼ਲਤਾ ਮਿਲੀ। ਉਸ ਨੇ ਪੁਰਸ਼ ਸਿੰਗਲਜ਼ ਐੱਸਐੱਚ6 ਵਰਗ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਇਲਾਵਾ ਪੁਰਸ਼ ਡਬਲਜ਼ ਵਿੱਚ ਸੁਦਰਸ਼ਨ ਸ੍ਰਵਣਕੁਮਾਰ ਮੁਥੂਸਾਮੀ ਨਾਲ ਮਿਲ ਕੇ ਖਿਤਾਬ ਜਿੱਤਿਆ। ਸੁਕਾਂਤ ਨੇ ਪੁਰਸ਼ ਸਿੰਗਲਜ਼ (ਐੱਸਐੱਲ4) ਵਿੱਚ ਸੋਨ ਤਗ਼ਮਾ ਜਿੱਤਣ ਤੋਂ ਇਲਾਵਾ ਪੁਰਸ਼ ਡਬਲਜ਼ (ਐੱਸਐੱਲ3-ਐੱਸਐੱਲ4) ਵਿੱਚ ਦਿਨੇਸ਼ ਰਜਈਆ ਨਾਲ ਮਿਲ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਨਵੀਨ ਸ਼ਿਵਕੁਮਾਰ ਅਤੇ ਸੂਰਿਆ ਕਾਂਤ ਯਾਦਵ ਨੂੰ ਕਾਂਸੀ ਦੇ ਤਗ਼ਮੇ ਮਿਲੇ। ਪੁਰਸ਼ ਡਬਲਜ਼ ਫਾਈਨਲ ਵਿੱਚ ਸੁਕਾਂਤ ਅਤੇ ਦਿਨੇਸ਼ ਨੂੰ ਸਖ਼ਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਉਮੇਸ਼ ਵਿਕਰਮ ਕੁਮਾਰ ਅਤੇ ਸੂੁਰਿਆ ਕਾਂਤ ਯਾਦਵ ਦੀ ਹਮਵਤਨ ਜੋੜੀ ਖ਼ਿਲਾਫ਼ 5-21, 22-20, 16-21 ਦੀ ਹਾਰ ਨਾਲ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਹੋਰ ਮੁਕਾਬਲਿਆਂ ਵਿੱਚ ਮੌਜੂਦਾ ਪੈਰਾਲੰਪਿਕ ਚੈਂਪੀਅਨ ਕੁਮਾਰ ਨਿਤੇਸ਼ ਨੇ ਐੱਸਐੱਲ3 ਫਾਈਨਲ ਵਿੱਚ ਚਾਂਦੀ ਜਿੱਤੀ। -ਪੀਟੀਆਈ
ਮਹਿਲਾ ਵਰਗ ’ਚ ਮਨੀਸ਼ਾ ਰਾਮਦਾਸ ਨੇ ਸੋਨ ਤਗ਼ਮਾ ਜਿੱਤਿਆ
ਮਹਿਲਾਵਾਂ ਦੇ ਐੱਸਯੂ5 ਵਰਗ ਵਿੱਚ ਮਨੀਸ਼ਾ ਰਾਮਦਾਸ ਨੇ ਜਪਾਨ ਦੀ ਮਾਮਿਕੋ ਟੋਇਡਾ ਨੂੰ 21-12, 21-18 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ, ਜਦਕਿ ਨੀਰਜ ਨੂੰ ਮਹਿਲਾਵਾਂ ਦੇ ਐੱਸਐੱਲ3 ਵਰਗ ਵਿੱਚ ਕੋਰਾਲਿਨ ਬਰਗੇਰੌਨ ਤੋਂ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਐੱਸਐੱਲ3-ਐੱਸਐੱਲ5 ਵਰਗ ਦੇ ਮਿਕਸਡ ਡਬਲਜ਼ ਮੁਕਾਬਲੇ ਵਿੱਚ ਸੂਰਿਆ ਕਾਂਤ ਯਾਦਵ ਨਾਲ ਨੀਰਜ ਦੂਜੇ ਸਥਾਨ ’ਤੇ ਰਹੀ। ਪੁਰਸ਼ ਡਬਲਜ਼ ਐੱਸਯੂ5 ਵਰਗ ਵਿੱਚ ਹਾਰਦਿਕ ਮੱਕੜ ਅਤੇ ਆਰ ਰਘੂਪਤੀ ਨੇ ਸੋਨ ਤਗ਼ਮਾ ਜਿੱਤਿਆ, ਜਦਕਿ ਦੇਵ ਰਾਠੀ ਅਤੇ ਇੰਡੋਨੇਸ਼ੀਆ ਦੇ ਬਾਰਤਲੋਮੇਜ਼ ਮਰੋਜ਼ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਹਾਰਦਿਕ ਅਤੇ ਰਘੂਪਤੀ ਨੇ ਪੁਰਸ਼ ਸਿੰਗਲਜ਼ ਐੱਸਯੂ5 ਵਰਗ ਵਿੱਚ ਕਰਮਵਾਰ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ। ਪੁਰਸ਼ ਡਬਲਜ਼ ਡਬਲਿਊਐੱਚ1-ਡਬਲਿਊੁ2 ਵਰਗ ਵਿੱਚ ਅਬੂ ਹੁਬੈਦਾ ਅਤੇ ਪ੍ਰੇਮ ਕੁਮਾਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ, ਜਦਕਿ ਅਲਫੀਆ ਜੇਮਜ਼ ਨੇ ਮਹਿਲਾ ਸਿੰਗਲਜ਼ ਡਬਲਿਊਐੱਚ2 ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।