ਭਾਰਤ ਨੇ ਯੂਕਰੇਨ ਸ਼ਾਂਤੀ ਸਮਝੌਤੇ ਨਾਲ ਸਬੰਧਿਤ ਬਿਆਨ ਤੋਂ ਪਾਸਾ ਵੱਟਿਆ
ਓਬਬੁਰਗੇਨ/ਨਵੀਂ ਦਿੱਲੀ, 16 ਜੂਨ
ਭਾਰਤ ਨੇ ਅੱਜ ਸਵਿਟਜ਼ਰਲੈਂਡ ਦੀ ਮੇਜ਼ਬਾਨੀ ਵਾਲੇ ਸਿਖਰ ਸੰਮੇਲਨ ਦੌਰਾਨ ਯੂਕਰੇਨ ਸ਼ਾਂਤੀ ਸਮਝੌਤੇ ਨਾਲ ਸਬੰਧਿਤ ਕਿਸੇ ਵੀ ਬਿਆਨ ਤੋਂ ਪਾਸਾ ਵੱਟਿਆ ਹੈ। ਭਾਰਤ ਨੇ ਸ਼ਾਂਤੀ ਸਮਝੌਤੇ ਤੋਂ ਉੱਭਰਨ ਵਾਲੇ ਕਿਸੇ ਵੀ ਸੰਵਾਦ ਨਾਲ ਖੁਦ ਨੂੰ ਜੋੜਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਉਹ ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਸਾਰੇ ਭਾਈਵਾਲਾਂ ਨਾਲ ਰਾਬਤੇ ਵਿੱਚ ਰਹੇਗਾ। ਦੋ ਰੋਜ਼ਾ ਸਿਖਰ ਸੰਮਲੇਨ ਦੀ ਸਮਾਪਤੀ ਮੌਕੇ 80 ਦੇਸ਼ਾਂ ਨੇ ਸਾਂਝੇ ਤੌਰ ’ਤੇ ਸੱਦਾ ਦਿੱਤਾ ਕਿ ਰੂਸ ਨਾਲ ਯੁੱਧ ਸਮਾਪਤ ਕਰਨ ਲਈ ਕਿਸੇ ਵੀ ਸ਼ਾਂਤੀ ਸਮਝੌਤੇ ਦਾ ਆਧਾਰ ਯੂਕਰੇਨ ਦੀ ‘ਖੇਤਰੀ ਅਖੰਡਤਾ’ ਹੋਵੇ। ਸਵਿਟਜ਼ਰਲੈਂਡ ਵਿੱਚ ਹੋਏ ਕੌਮਾਂਤਰੀ ਸਿਖਰ ਸੰਮੇਲਨ ’ਚ ਹਾਲਾਂਕਿ ਕੁੱਝ ਪ੍ਰਮੁੱਖ ਵਿਕਾਸਸ਼ੀਲ ਦੇਸ਼ ਸ਼ਾਮਲ ਨਹੀਂ ਹੋਏ। ਇਹ ਦੋ ਰੋਜ਼ਾ ਸਿਖਰ ਸੰਮੇਲਨ ਸਵਿਟਜ਼ਰਲੈਂਡ ਦੇ ਬਰਗੇਨਸਟਾਕ ਰਿਜ਼ੌਰਟ ਵਿੱਚ ਕਰਵਾਇਆ ਗਿਆ। ਰੂਸ ਨੂੰ ਸੰਮਲੇਨ ਲਈ ਸੱਦਾ ਨਹੀਂ ਦਿੱਤਾ ਗਿਆ ਸੀ। ਸੰਮੇਲਨ ਵਿੱਚ ਮੌਜੂਦ ਕਈ ਦੇਸ਼ਾਂ ਦੇ ਨੁਮਾਇੰਦਿਆਂ ਨੇ ਉਮੀਦ ਜਤਾਈ ਕਿ ਰੂਸ ਸ਼ਾਂਤੀ ਦੀ ਰੂਪ-ਰੇਖਾ ’ਤੇ ਚਰਚਾ ਵਿੱਚ ਸ਼ਾਮਲ ਹੋ ਸਕਦਾ ਹੈ। ਜ਼ਿਆਦਾਤਰ ਪੱਛਮੀ ਅਤੇ ਕੁੱਝ ਪ੍ਰਮੁੱਖ ਵਿਕਾਸਸ਼ੀਲ ਦੇਸ਼ਾਂ ਸਣੇ ਕਰੀਬ 100 ਵਫ਼ਦ ਅਤੇ ਮਾਹਿਰ ਇਸ ਸ਼ਾਂਤੀ ਸੰਮੇਲਨ ਵਿੱਚ ਸ਼ਾਮਲ ਹੋਏ। ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਭਾਰਤ, ਸਾਊਦੀ ਅਰਬ, ਦੱਖਣੀ ਅਫ਼ਰੀਕਾ ਅਤੇ ਸੰਯੁਕਤ ਅਰਬ ਅਮੀਰਾਤ, ਜਿਨ੍ਹਾਂ ਦੀ ਨੁਮਾਇੰਦਗੀ ਵਿਦੇਸ਼ ਮੰਤਰੀਆਂ ਜਾਂ ਹੇਠਲੇ ਪੱਧਰ ਦੇ ਰਾਜਦੂਤਾਂ ਵੱਲੋਂ ਕੀਤੀ ਗਈ ਸੀ, ਨੇ ਪ੍ਰਮਾਣੂ ਸੁਰੱਖਿਆ, ਭੋਜਨ ਸੁਰੱਖਿਆ ਅਤੇ ਕੈਦੀਆਂ ਦੀ ਅਦਲਾ-ਬਦਲੀ ਨਾਲ ਸਬੰਧਤ ਮਸਲਿਆਂ ਬਾਰੇ ਅੰਤਿਮ ਦਸਤਾਵੇਜ਼ ’ਤੇ ਦਸਤਖ਼ਤ ਨਹੀਂ ਕੀਤੇ। ਇਸੇ ਤਰ੍ਹਾਂ ਇੱਕ ‘ਨਿਰੀਖਕ’ ਦੇਸ਼ ਵਜੋਂ ਬ੍ਰਾਜ਼ੀਲ ਨੇ ਦਸਤਖ਼ਤ ਨਹੀਂ ਕੀਤੇ, ਜਦਕਿ ਰੂਸ ਅਤੇ ਯੂਰਕੇਨ ਦਰਮਿਆਨ ਵਿਚੋਲਗੀ ਦੀ ਮੰਗ ਕਰਨ ਵਾਲੇ ਤੁਰਕੀ ਨੇ ਦਸਤਾਵੇਜ਼ ’ਤੇ ਦਸਤਖ਼ਤ ਕਰ ਦਿੱਤੇ।
ਭਾਰਤ ਦੀ ਨੁਮਾਇੰਦਗੀ ਵਿਦੇਸ਼ ਮੰਤਰਾਲੇ ਵਿੱਚ ਸਕੱਤਰ (ਪੱਛਮੀ) ਪਵਨ ਕਪੂਰ ਨੇ ਕੀਤੀ। ਵਿਦੇਸ਼ ਮੰਤਰਾਲੇ (ਐੱਮਈਏ) ਨੇ ਕਿਹਾ, ‘‘ਭਾਰਤੀ ਵਫ਼ਦ ਨੇ ਸਿਖਰ ਸੰਮੇਲਨ ਦੇ ਉਦਘਾਟਨੀ ਅਤੇ ਸਮਾਪਤੀ ਸੈਸ਼ਨਾਂ ਵਿੱਚ ਸ਼ਿਰਕਤ ਕੀਤੀ। ਭਾਰਤ ਨੇ ਇਸ ਸੰਮੇਲਨ ਦੀ ਸਮਾਪਤੀ ਮੌਕੇ ਜਾਰੀ ਕੀਤੇ ਗਏ ਕਿਸੇ ਵੀ ਦਸਤਾਵੇਜ਼ ’ਤੇ ਦਸਤਖ਼ਤ ਨਹੀਂ ਕੀਤੇ ਅਤੇ ਵਿਚਾਰ-ਚਰਚਾ ਤੋਂ ਦੂਰੀ ਬਣਾਈ ਰੱਖੀ।’’ ਬਿਆਨ ਵਿੱਚ ਕਿਹਾ ਗਿਆ, ‘‘ਸੰਮਲੇਨ ਵਿੱਚ ਭਾਰਤ ਦੀ ਸ਼ਮੂਲੀਅਤ, ਯੂਕਰੇਨ ਸ਼ਾਂਤੀ ਫਾਰਮੂਲੇ ’ਤੇ ਆਧਾਰਿਤ ਪਿਛਲੀਆਂ ਐੱਨਐੱਸਏ/ਰਾਜਨੀਤਿਕ ਨਿਰਦੇਸ਼ਕ-ਪੱਧਰੀ ਮੀਟਿੰਗਾਂ ਵਾਂਗ, ਗੱਲਬਾਤ ਅਤੇ ਕੂਟਨੀਤੀ ਰਾਹੀਂ ਯੁੱਧ ਦੇ ਸ਼ਾਂਤੀਪੂਰਵਕ ਹੱਲ ਕੱਢੇ ਜਾਣ ਦੀ ਸਾਡੀ ਨੀਤੀ ਮੁਤਾਬਿਕ ਹੈ।’’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਅਜਿਹੇ ਮਤੇ ਲਈ ਦੋਵਾਂ ਧਿਰਾਂ ਵਿਚਕਾਰ ਸੁਹਿਰਦ ਅਤੇ ਵਿਹਾਰਿਕ ਸ਼ਮੂਲੀਅਤ ਦੀ ਲੋੜ ਹੈ। ਬਿਆਨ ਵਿੱਚ ਕਿਹਾ ਗਿਆ, ‘‘ਇਸ ਸਬੰਧੀ ਭਾਰਤ ਜਲਦੀ ਅਤੇ ਸਥਾਈ ਸ਼ਾਂਤੀ ਲਿਆਉਣ ਦੇ ਸਾਰੇ ਯਤਨਾਂ ਵਿੱਚ ਯੋਗਦਾਨ ਪਾਉਣ ਲਈ ਸਾਰੇ ਭਾਈਵਾਲਾਂ ਦੇ ਨਾਲ-ਨਾਲ ਦੋਵੇਂ ਮੁਲਕਾਂ ਨਾਲ ਰਾਬਤੇ ਵਿੱਚ ਰਹੇਗਾ।’’ ਅੰਤਿਮ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਚਾਰਟਰ ਅਤੇ ‘‘ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਨਮਾਨ... ਯੂਕਰੇਨ ਵਿੱਚ ਇੱਕ ਵਿਆਪਕ, ਨਿਆਂਪੂਰਨ ਅਤੇ ਸਥਾਈ ਸ਼ਾਂਤੀ ਪ੍ਰਾਪਤ ਕਰਨ ਲਈ ਇੱਕ ਆਧਾਰ ਵਜੋਂ ਕੰਮ ਕਰ ਸਕਦਾ ਹੈ ਅਤੇ ਕਰੇਗਾ।’’ —ਏਪੀ/ਪੀਟੀਆਈ
ਸ਼ਾਂਤੀ ਸਮਝੌਤੇ ਲਈ ਚੁੱਕੇ ਕਦਮ ਦੀ ਜ਼ੈਲੇਂਸਕੀ ਵੱਲੋਂ ਸ਼ਲਾਘਾ
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਸੰਮੇਲਨ ਦੌਰਾਨ ਸ਼ਾਂਤੀ ਸਮਝੌਤੇ ਵੱਲ ਚੁੱਕੇ ਗਏ ਪਹਿਲੇ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਸੰਯੁਕਤ ਰਾਸ਼ਟਰ ਚਾਰਟਰ ਦਾ ਸਨਮਾਨ ਕਰਨ ਵਾਲੇ ਹਰੇਕ ਵਿਅਕਤੀ’ ਲਈ ਸਾਂਝੇ ਵਿਚਾਰ-ਵਟਾਂਦਰੇ ਦਾ ਰਾਹ ਸਦਾ ਖੁੱਲ੍ਹਾ ਹੈ। ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲੇ ਸਵਿਟਜ਼ਰਲੈਂਡ ਦੀ ਰਾਸ਼ਟਰਪਤੀ ਵਾਇਓਲਾ ਅਮਹਰਡ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਮੇੇਲਨ ਵਿੱਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਦੇਸ਼ਾਂ ਨੇ ਅੰਤਿਮ ਦਸਤਾਵੇਜ਼ ਲਈ ਸਹਿਮਤੀ ਜਤਾਈ ਹੈ, ‘ਜੋ ਦਰਸਾਉਂਦਾ ਹੈ ਕਿ ਕੂਟਨੀਤੀ ਕੀ ਪ੍ਰਾਪਤ ਕਰ ਸਕਦੀ ਹੈ।’