India beat England: ਟੀ-20: ਭਾਰਤ ਨੇ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ
ਕੋਲਕਾਤਾ, 22 ਜਨਵਰੀ
ਭਾਰਤ ਨੇ ਇੱਥੇ ਖੇਡੇ ਜਾ ਰਹੇ ਟੀ-20 ਮੈਚ ਵਿਚ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਇੰਗਲੈਂਡ ਦੀ ਪੂਰੀ ਟੀਮ 132 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤ ਨੇ 12.5 ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 133 ਦੌੜਾਂ ਬਣਾਈਆਂ। ਭਾਰਤ ਵਲੋਂ ਸੰਜੂ ਸੈਮਸਨ ਨੇ 20 ਗੇਂਦਾਂ ਵਿਚ 26 ਦੌੜਾਂ ਬਣਾਈਆਂ। ਜਦੋਂ ਸੰਜੂ ਆਊਟ ਹੋਇਆ ਤਾਂ ਭਾਰਤ ਦਾ ਸਕੋਰ ਇਕ ਵਿਕਟ ਦੇ ਨੁਕਸਾਨ ’ਤੇ 41 ਦੌੜਾਂ ਸੀ। ਇਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਆਇਆ ਜਿਸ ਨੇ ਤਿੰਨ ਗੇਂਦਾਂ ਖੇਡੀਆਂ ਤੇ ਸਿਫਰ ’ਤੇ ਆਊਟ ਹੋ ਗਿਆ। ਭਾਰਤ ਵਲੋਂ ਅਭਿਸ਼ੇਕ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 34 ਗੇਂਦਾਂ ਵਿਚ 79 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਤਿਲਕ ਰਾਜ ਵੀ ਟਿਕ ਕੇ ਖੇਡਿਆ ਤੇ ਅਭਿਸ਼ੇਕ ਸ਼ਰਮਾ ਦਾ ਸਾਥ ਦਿੱਤਾ। ਇਸ ਤੋਂ ਬਾਅਦ ਤਿਲਕ ਰਾਜ ਤੇ ਹਾਰਦਿਕ ਪਾਂਡਿਆ ਨੇ ਜੇਤੂ ਟੀਚਾ ਪੂਰਾ ਕਰ ਲਿਆ। ਤਿਲਕ ਰਾਜ 19 ਤੇ ਹਾਰਦਿਕ 3 ਦੌੜਾਂ ਬਣਾ ਕੇ ਨਾਬਾਦ ਰਹੇ।
ਇਸ ਤੋਂ ਪਹਿਲਾਂ ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਈਡਨ ਗਾਰਡਨ ਵਿੱਚ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਟੀ-20 ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਇੰਗਲੈਂਡ ਨੂੰ 132 ਦੌੜਾਂ ’ਤੇ ਆਲ ਆਊਟ ਕਰ ਦਿੱਤਾ। ਇਸ ਦੌਰਾਨ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਰਤ ਨੇ ਤਿੰਨ ਸਪਿੰਨਰਾਂ ਨੂੰ ਖਿਡਾਇਆ ਜਿਨ੍ਹਾਂ ਨੇ ਭਾਰਤ ਨੂੰ ਨਿਰਾਸ਼ ਨਹੀਂ ਕੀਤਾ। ਭਾਰਤ ਵਲੋਂ ਰਵੀ ਬਿਸ਼ਨੋਈ (4 ਓਵਰਾਂ ਵਿੱਚ 0/23), ਅਕਸ਼ਰ ਪਟੇਲ (4 ਓਵਰਾਂ ਵਿੱਚ 2/22) ਅਤੇ ਚੱਕਰਵਰਤੀ ਨੇ 23 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਅਰਸ਼ਦੀਪ ਤੇ ਹਾਰਦਿਕ ਨੇ ਵੀ ਦੋ ਦੋ ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਵਲੋਂ ਜੋਸ ਬਟਲਰ ਨੇ 44 ਗੇਂਦਾਂ ਦਾ ਸਾਹਮਣਾ ਕਰ ਕੇ 68 ਦੌੜਾਂ ਬਣਾਈਆਂ, ਇਸ ਤੋਂ ਇਲਾਵਾ ਇੰਗਲੈਂਡ ਦਾ ਕੋਈ ਵੀ ਖਿਡਾਰੀ ਸਨਮਾਨਜਨਕ ਸਕੋਰ ਨਾ ਬਣਾ ਸਕਿਆ।