ਮਾਲਦੀਵਜ਼ ’ਚ ਉਥੀਮੋ ਪੈਲੇਸ ਦੀ ਸੰਭਾਲ ਲਈ ਕੰਮ ਕਰੇਗਾ ਭਾਰਤ
ਨਵੀਂ ਦਿੱਲੀ, 11 ਜੁਲਾਈ
ਭਾਰਤ ਨੇ ਅੱਜ ਮਾਲਦੀਵਜ਼ ਵਿਚਲੇ ਉਥੀਮੂ ਪੈਲੇਸ ਦੀ ਸੰਭਾਲ ਲਈ ਕੰਮ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ ਹੈ। ਇਹ ਪੈਲੇਸ ਮਾਲਦੀਵਜ਼ ਦੇ ਇਤਿਹਾਸ ’ਚ 16ਵੀਂ ਸਦੀ ਦੇ ਨਾਇਕ ਸੁਲਤਾਨ ਮੁਹੰਮਦ ਠਾਕੁਰੂਫਾਨੂ ਦਾ ਲੱਕੜ ਦਾ ਬਣਿਆ ਹੋਇਆ ਘਰ ਹੈ। ਇਸ ਸਬੰਧੀ ਇੱਕ ਸਮਝੌਤਾ ਮਾਲਦੀਵਜ਼ ਦੇ ਵਿਦੇਸ਼ ਮੰਤਰੀ ਅਬਦੁੱਲ੍ਹਾ ਸ਼ਾਹਿਦ ਦੀ ਭਾਰਤ ਫੇਰੀ ਦੌਰਾਨ ਕੀਤਾ ਗਿਆ ਹੈ। ਉਨ੍ਹਾਂ ਇੱਥੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ। ਜੈਸ਼ੰਕਰ ਨੇ ਹੈਦਰਾਬਾਦ ਹਾਊਸ ’ਚ ਸ਼ਾਹਿਦ ਨਾਲ ਮੀਟਿੰਗ ਤੋਂ ਬਾਅਦ ਟਵੀਟ ਕੀਤਾ, ‘ਸਾਡੇ ਵਿਕਾਸ ਦੀ ਭਾਈਵਾਲੀ ’ਚ ਲਗਾਤਾਰ ਪ੍ਰਗਤੀ ਬਾਰੇ ਜਾਣ ਕੇ ਉਤਸ਼ਾਹਿਤ ਹਾਂ। ਇਹ ਸਾਡੇ ਗੁਆਂਢੀ ਮੁਲਕ ਦੇ ਆਰਥਿਕ ਵਿਕਾਸ ਤੇ ਸਮਾਜ ਭਲਾਈ ’ਚ ਸਿੱਧਾ ਯੋਗਦਾਨ ਦੇ ਰਿਹਾ ਹੈ।’ ਸ਼ਾਹਿਦ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਉੱਚ ਪ੍ਰਭਾਵ ਭਾਈਚਾਰਕ ਵਿਕਾਸ ਯੋਜਨਾ ਦੇ ਦੂਜੇ ਪੜਾਅ ਤਹਿਤ ਨੌਂ ਸਮਝੌਤੇ ਕੀਤੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਹਸਪਤਾਲਾਂ ਨੂੰ ਅਪਗਰੇਡ ਕਰਨ, ਸਕੂਲਾਂ ਨੂੰ ਡਿਜੀਟਲਾਈਜ਼ ਕਰਨ, ਕੰਪਿਊਟਰ ਲੈਬਾਂ ਸਥਾਪਤ ਕਰਨ ਤੇ ਹੋਰ ਵਿਕਾਸ ਕਾਰਜਾਂ ਬਾਰੇ ਵੀ ਸਮਝੌਤੇ ਕੀਤੇ ਗਏ ਹਨ। ਸ਼ਾਹਿਦ ਨੇ ਕਿਹਾ ਕਿ ਉਨ੍ਹਾਂ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਮਾਲਦੀਵਜ਼ ਦੀ ਮਜ਼ਬੂਤੀ ਤੇ ਭਾਰਤੀ ਭਾਈਵਾਲੀ ਤੋਂ ਇਲਾਕਾ ਹੋਰ ਕਈ ਮੁੱਦਿਆਂ ’ਤੇ ਉਸਾਰੂ ਚਰਚਾ ਕੀਤੀ ਹੈ। -ਪੀਟੀਆਈ