ਛੇਤੀ ਹੀ ਦੁਨੀਆਂ ’ਚ ਤੀਜੇ ਨੰਬਰ ਦਾ ਅਰਥਚਾਰਾ ਬਣੇਗਾ ਭਾਰਤ: ਨਰੇਸ਼ ਬਾਂਸਲ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 10 ਜੂਨ
ਭਾਰਤ ਛੇਤੀ ਹੀ ਪੰਜ ਖਰਬ ਡਾਲਰ ਤੋਂ ਵੱਧ ਦੇ ਅਰਥਚਾਰੇ ਨਾਲ ਦੁਨੀਆਂ ਭਰ ਵਿੱਚ ਤੀਜਾ ਸਥਾਨ ਹਾਸਲ ਕਰੇਗਾ। ਕੇਂਦਰ ਦੀ ਮੋਦੀ ਸਰਕਾਰ ਦੇ ਨੌਂ ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਦੀ ਭਾਜਪਾ ਵਲੋਂ ਛੇੜੀ ਮੁਹਿੰਮ ਤਹਿਤ ਚੰਡੀਗੜ੍ਹ ਪੁੱਜੇ ਉੱਤਰਾਖੰਡ ਤੋਂ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਕਲੱਸਟਰ ਦੇ ਪ੍ਰਧਾਨ ਡਾ. ਨਰੇਸ਼ ਬਾਂਸਲ ਨੇ ਚੰਡੀਗੜ੍ਹ ਪ੍ਰਦੇਸ਼ ਭਾਜਪਾ ਦਫ਼ਤਰ ‘ਕਮਲਮ’ ਵਿੱਚ ਇਕ ਪ੍ਰੈੱਸ ਕਾਨਫਰੰਸ ਕੀਤੀ।
ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਂਸਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਨੌਂ ਸਾਲਾਂ ਦੇ ਕਾਰਜਕਾਲ ਵਿੱਚ ਭਾਰਤ ਤਿੰਨ ਖਰਬ ਡਾਲਰ ਦੇ ਅਰਥਚਾਰੇ ਨਾਲ ਵਿਸ਼ਵ ਵਿੱਚ ਪੰਜਵੇਂ ਸਥਾਨ ‘ਤੇ ਪਹੁੰਚ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਪੰਜ ਖਰਬ ਡਾਲਰ ਤੋਂ ਵੱਧ ਦੇ ਅਰਥਚਾਰੇ ਨਾਲ ਤੀਜੇ ਸਥਾਨ ‘ਤੇ ਪਹੁੰਚ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਨੌਂ ਸਾਲਾਂ ਦੀ ਸੇਵਾ, ਸੁਸ਼ਾਸਨ ਅਤੇ ਗਰੀਬ ਭਲਾਈ ਮੁਹਿੰਮ ਤਹਿਤ ਭਾਜਪਾ ਚੰਡੀਗੜ੍ਹ ਵੱਲੋਂ ਕਰਵਾਈ ਗਈ ਇਸ ਪ੍ਰੈੱਸ ਕਾਨਫਰੰਸ ਵਿੱਚ ਰਾਜ ਸਭਾ ਮੈਂਬਰ ਨਰੇਸ਼ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਰਾਜ ਸਭਾ ਮੈਂਬਰ ਡਾ. ਨਰੇਸ਼ ਬਾਂਸਲ ਨੇ ਮੋਦੀ ਸਰਕਾਰ ਦੇ ਨੌਂ ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਨੌਂ ਸਾਲ ਲੋਕ ਸੇਵਾ, ਚੰਗੇ ਪ੍ਰਸ਼ਾਸਨ ਅਤੇ ਗਰੀਬਾਂ ਦੀ ਭਲਾਈ ਨੂੰ ਸਮਰਪਿਤ ਹਨ। ਇਸ ਦੌਰਾਨ ਲੋਕਾਂ ਦੀ ਭਲਾਈ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੌਰਾਨ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਲਗਪਗ ਇਕ ਅਰਬ ਲੋਕਾਂ ਨੂੰ 220 ਕਰੋੜ ਵੈਕਸੀਨ ਡੋਜ਼, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਚਾਰ ਕਰੋੜ ਘਰਾਂ ਨੂੰ ਉੱਜਵਲਾ ਯੋਜਨਾ ਤਹਿਤ 12 ਕਰੋੜ ਗੈਸ ਕੁਨੈਕਸ਼ਨ, ਕਰੀਬ ਅੱਠ ਕਰੋੜ ਘਰਾਂ ਵਿੱਚ ਪਖਾਨੇ ਬਣਾਉਣਾ, ਜਨ ਧਨ ਯੋਜਨਾ, ਸਵੱਛ ਭਾਰਤ ਅਭਿਆਨ, ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ, ਗ੍ਰਾਮੀਣ ਆਵਾਸ ਯੋਜਨਾ, ਆਯੁਸ਼ਮਾਨ ਭਾਰਤ ਯੋਜਨਾ, ਸਕਿੱਲ ਇੰਡੀਆ ਸਕੀਮ ਆਦਿ ਵਰਗੀਆਂ ਹੋਰ ਕਈ ਸਕੀਮਾਂ ਸ਼ੁਰੂ ਕੀਤੀਆਂ। ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਲਈ ਸਹੂਲਤਾਂ ਤੇ ਸਮਾਨਤਾ ਨੂੰ ਯਕੀਨੀ ਬਣਾਉਣਾ ਸੀ।
ਉਹ ਚੰਡੀਗੜ੍ਹ ਦੇ ਦੋ ਦਿਨਾਂ ਦੌਰੇ ਤੋਂ ਬਾਅਦ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋ ਜਾਣਗੇ। ਇਸ ਮੌਕੇ ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ, ਭਾਜਪਾ ਦੇ ਸੂਬਾ ਜਨਰਲ ਸਕੱਤਰ ਚੰਦਰ ਸ਼ੇਖਰ, ਸ਼ਕਤੀ ਦੇਵਸ਼ਾਲੀ ਅਤੇ ਮੀਡੀਆ ਇੰਚਾਰਜ ਸੁਖਵਿੰਦਰ ਪਰਮਾਰ ਵੀ ਹਾਜ਼ਰ ਸਨ।