ਭਾਰਤ ਨੂੰ ਅੱਜ ਪ੍ਰਾਪਤ ਹੋਣਗੇ ਪੰਜ ਰਾਫਾਲ ਜੈੱਟ
ਨਵੀਂ ਦਿੱਲੀ, 28 ਜੁਲਾਈ
ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌੜੀਆ 29 ਜੁਲਾਈ ਨੂੰ ਪੰਜ ਰਾਫਾਲ ਜੈੱਟਾਂ ਦਾ ਸਵਾਗਤ ਕਰਨਗੇ ਜੋ ਅੰਬਾਲਾ ਏਅਰ ਬੇਸ ’ਤੇ ਉੱਤਰ ਰਹੇ ਹਨ। ਇਹ ਜੈੱਟ ਬੀਤੀ ਰਾਤ ਫਰਾਂਸ ਦੇ ਮੈਰੀਗਨੈਕ ਏਅਰ ਬੇਸ ਤੋਂ ਉੱਡੇ ਸਨ ਤੇ 7000 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਮਗਰੋਂ ਸੰਯੁਕਤ ਅਰਬ ਅਮੀਰਾਤ ਦੇ ਅਲ ਧਾਫਰਾ ਏਅਰ ਬੇਸ ’ਤੇ ਉੱਤਰੇ ਸਨ। ਪੰਜ ਜਹਾਜ਼ਾਂ ’ਚੋਂ ਤਿੰਨ ਇੱਕ ਸੀਟ ਵਾਲੇ ਤੇ ਦੋ ਜਹਾਜ਼ ਦੋ ਸੀਟਾਂ ਵਾਲੇ ਹਨ। ਇਹ ਰਾਫਾਲ ਜੈੱਟ ਭਾਰਤੀ ਹਵਾਈ ਸੈਨਾ ਦੀ 17ਵੀਂ ਸਕੁਐਰਡਨ ’ਚ ਸ਼ਾਮਲ ਕੀਤੇ ਜਾਣਗੇ ਜੋ ਕਿ ਅੰਬਾਲਾ ਏਅਰ ਬੇਸ ’ਤੇ ‘ਗੋਲਡਨ ਐਰੋਜ਼’ ਦੇ ਨਾਂ ਨਾਲ ਜਾਣੀ ਜਾਂਦੀ ਹੈ। ਹਵਾਈ ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਪਾਇਲਟਾਂ, ਜ਼ਮੀਨੀ ਅਮਲੇ ਨੂੰ ਰਾਫਾਲ ਜੈੱਟਾਂ ਦੇ ਸਵਾਗਤ ਲਈ ਤਿਆਰ ਰੱਖਿਆ ਗਿਆ ਹੈ।
ਪੂਰਬੀ ਲੱਦਾਖ ’ਚ ਭਾਰਤ ਤੇ ਚੀਨ ਵਿਚਾਲੇ ਬਣੇ ਹਾਲਾਤ ਦੇ ਮੱਦੇਨਜ਼ਰ ਰਾਫਾਲ ਜੈੱਟ ਭਾਰਤ ਲਈ ਵੱਡੀ ਤਾਕਤ ਸਿੱਧ ਹੋ ਸਕਦਾ ਹੈ। ਰਾਫਾਲ 4.5ਵੀਂ ਪੀੜ੍ਹੀ ਦਾ ਲੜਾਕੂ ਜਹਾਜ਼ ਹੈ ਜੋ ਕਿ ਹਰ ਆਧੁਨਿਕ ਤਕਨੀਕ ਨਾਲ ਲੈਸ ਹੈ। ਹਵਾਈ ਸੈਨਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਚੀਨ ਦੇ ਲੜਾਕੂ ਜੈੱਟ ਜੇ-20ਏ ਚੇਂਗਦੂ ਦਾ ਰਾਫਾਲ ਨਾਲ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਚੀਨ ਦਾਅਵਾ ਕਰਦਾ ਹੈ ਕਿ ਚੇਂਗਦੂ 5ਵੀਂ ਪੀੜ੍ਹੀ ਦਾ ਲੜਾਕੂ ਜਹਾਜ਼ ਹੈ ਪਰ ਇਸ ’ਚ ਤੀਜੀ ਪੀੜ੍ਹੀ ਦਾ ਇੰਜਣ ਲੱਗਾ ਹੈ। ਜਹਾਜ਼ਾਂ ’ਚ ਇੱਕ ਫਰਾਂਸੀਸੀ ਟੈਂਕਰ ਨੇ 30 ਹਜ਼ਾਰ ਫੁੱਟ ਦੀ ਉਚਾਈ ’ਤੇ ਹਵਾ ਵਿੱਚ ਹੀ ਈਂਧਣ ਭਰਿਆ।
-ਪੀਟੀਆਈ
ਹਿਲਾਲ ਅਹਿਮਦ ਬਣਿਆ ਰਾਫਾਲ ਦਾ ਪਹਿਲਾ ਪਾਇਲਟ
ਸ੍ਰੀਨਗਰ: ਏਅਰ ਕੋਮੋਡੋਰ ਹਿਲਾਲ ਅਹਿਮਦ ਰਾਠੇਰ ਰਾਫਾਲ ਜੈੱਟ ਉਡਾਉਣ ਵਾਲਾ ਪਹਿਲਾ ਭਾਰਤੀ ਪਾਇਲਟ ਬਣ ਗਿਆ ਹੈ। ਉਹ ਫਰਾਂਸ ਤੋਂ ਰਾਫਾਲ ਜੈੱਟ ਲੈ ਕੇ ਆਉਣ ਵਾਲੇ ਦਸਤੇ ’ਚ ਸ਼ਾਮਲ ਹੈ। ਹਿਲਾਲ ਇਸ ਸਮੇਂ ਫਰਾਂਸ ’ਚ ਭਾਰਤ ਦਾ ਹਵਾਈ ਲੜਾਕਾ ਹੈ। ਉਹ ਭਾਰਤੀ ਲੋੜਾਂ ਪੂਰੀਆਂ ਕਰਨ ਲਈ ਰਾਫਾਲ ਦੇ ਹਥਿਆਰਾਂ ਵਾਲੇ ਸੈਕਸ਼ਨ ਨਾਲ ਵੀ ਜੁੜਿਆ ਰਿਹਾ ਹੈ।
-ਆਈਏਐੱਨਐੱਸ