ਕੈਨੇਡਾ ਕੋਲ ਅਰਸ਼ ਡੱਲਾ ਦੀ ਹਵਾਲਗੀ ਦੀ ਪੈਰਵੀ ਕਰੇਗਾ ਭਾਰਤ
ਨਵੀਂ ਦਿੱਲੀ: ਭਾਰਤ ਨੇ ਅੱਜ ਇੱਥੇ ਕਿਹਾ ਕਿ ਉਹ ਖਾਲਿਸਤਾਨ ਟਾਇਗਰ ਫੋਰਸ ਦੇ ਡੀ-ਫੈਕਟੋ ਚੀਫ ਅਰਸ਼ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਦੀ ਗ੍ਰਿਫ਼ਤਾਰੀ ਮਗਰੋਂ ਕੈਨੇਡਾ ਕੋਲ ਹਵਾਲਗੀ ਦੀ ਅਪੀਲ ਕਰੇਗਾ। ਗੈਂਗਸਟਰ ਅਰਸ਼ ਡੱਲਾ ਨੂੰ 2023 ਵਿੱਚ ਇੱਕ ਅਤਿਵਾਦੀ ਵਜੋਂ ਨਾਮਜ਼ਦ ਕੀਤਾ ਗਿਆ ਸੀ। ਜੁਲਾਈ 2023 ਵਿੱਚ ਭਾਰਤ ਨੇ ਕੈਨੇਡੀਅਨ ਸਰਕਾਰ ਨੂੰ ਉਸ ਦੀ ਆਰਜ਼ੀ ਗ੍ਰਿਫ਼ਤਾਰੀ ਲਈ ਅਪੀਲ ਕੀਤੀ ਸੀ। ਵਿਦੇਸ਼ ਮੰਤਰਾਲੇ (ਐੱਮਈਏ) ਦੇ ਤਰਜਮਾਨ ਰਣਧੀਰ ਜੈਸਵਾਲ ਨੇ ਦੱਸਿਆ, ‘‘ਹਾਲੀਆ ਗ੍ਰਿਫ਼ਤਾਰੀ ਦੇ ਮੱਦੇਨਜ਼ਰ ਸਾਡੀਆਂ ਏਜੰਸੀਆਂ ਹਵਾਲਗੀ ਦੀ ਅਪੀਲ ’ਤੇ ਕਾਰਵਾਈ ਕਰਨਗੀਆਂ।’’ ਉਨ੍ਹਾਂ ਕਿਹਾ, ‘‘ਭਾਰਤ ਵਿੱਚ ਅਰਸ਼ ਡੱਲਾ ਦੇ ਅਪਰਾਧਿਕ ਰਿਕਾਰਡ ਅਤੇ ਕੈਨੇਡਾ ਵਿੱਚ ਅਜਿਹੀਆਂ ਗ਼ੈਰਕਾਨੂੰਨੀ ਗਤੀਵਿਧੀਆਂ ਵਿੱਚ ਉਸ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਸ ਨੂੰ ਭਾਰਤ ਵਿੱਚ ਨਿਆਂ ਦਾ ਸਾਹਮਣਾ ਕਰਨ ਲਈ ਹਵਾਲਗੀ ਜਾਂ ਦੇਸ਼ ਨਿਕਾਲਾ ਦਿੱਤਾ ਜਾਵੇਗਾ।’’ ਅਰਸ਼ ਡੱਲਾ ਨੂੰ ਪਿਛਲੇ ਮਹੀਨੇ ਦੇ ਅਖ਼ੀਰ ਵਿੱਚ ਕੈਨੇਡੀਅਨ ਪੁਲੀਸ ਨੇ ਕਥਿਤ ਤੌਰ ’ਤੇ ਗ੍ਰਿਫ਼ਤਾਰ ਕੀਤਾ ਸੀ। ਅਰਸ਼ ਡੱਲਾ ਦੀ ਗ੍ਰਿਫ਼ਤਾਰੀ ਬਾਰੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਜੈਸਵਾਲ ਨੇ ਕਿਹਾ ਕਿ ਦਸੰਬਰ 2023 ਵਿੱਚ, ਕੈਨੇਡਾ ਦੇ ਨਿਆਂ ਵਿਭਾਗ ਨੇ ਅਰਸ਼ ਡੱਲਾ ਨਾਲ ਸਬੰਧਿਤ ਕੇਸ ਬਾਰੇ ਵਾਧੂ ਜਾਣਕਾਰੀ ਮੰਗੀ ਸੀ ਅਤੇ ਮਾਰਚ ਮਹੀਨੇ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ। -ਪੀਟੀਆਈ