ਭਾਰਤ ਕਰੇਗਾ ਏਸ਼ਿਆਈ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ
ਨਵੀਂ ਦਿੱਲੀ: ਭਾਰਤ ਇੱਕ ਤੋਂ 10 ਦਸੰਬਰ ਤੱਕ ਪਹਿਲੀ ਵਾਰ ਏਸ਼ਿਆਈ ਮਹਿਲਾ ਹੈਂਡਬਾਲ ਚੈਂਪੀਅਨਸ਼ਪਿ ਦੀ ਮੇਜ਼ਬਾਨੀ ਕਰੇਗਾ, ਜੋ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਕਰਵਾਈ ਜਾਵੇਗੀ। ਟੂਰਨਾਮੈਂਟ ਦਾ 20ਵਾਂ ਸੈਸ਼ਨ ਪਹਿਲਾਂ ਕਜ਼ਾਖਸਤਾਨ ਦੇ ਅਲਮਾਟੀ ਵਿੱਚ ਹੋਣਾ ਸੀ ਪਰ ਅਚਾਨਕ ਬਦਲੇ ਹਾਲਾਤ ਕਾਰਨ ਇਸ ਦਾ ਸਥਾਨ ਬਦਲਣਾ ਪਿਆ। ਭਾਰਤ ਤੋਂ ਇਲਾਵਾ ਇਰਾਨ, ਦੱਖਣੀ ਕੋਰੀਆ, ਚੀਨ, ਜਪਾਨ, ਕਜ਼ਾਖਸਤਾਨ, ਹਾਂਗਕਾਂਗ ਅਤੇ ਸਿੰਗਾਪੁਰ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਮਜ਼ਬੂਤ ਦੇਸ਼ ਹਨ। ਏਸ਼ਿਆਈ ਹੈਂਡਬਾਲ ਫੈਡਰੇਸ਼ਨ ਦੇ ਤਕਨੀਕੀ ਸਹਾਇਕ ਨਿਰਦੇਸ਼ਕ ਅਬਦੁੱਲਾ ਅਲ ਥੇਇਬ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ, ‘‘ਭਾਰਤ ਵਿੱਚ ਏਸ਼ਿਆਈ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ ਦੇ 20ਵੇਂ ਸੈਸ਼ਨ ਦੀ ਮੇਜ਼ਬਾਨੀ ਲਈ ਅਸੀਂ ਬਹੁਤ ਖੁਸ਼ ਹਾਂ। ਇਹ ਟੂਰਨਾਮੈਂਟ ਭਾਰਤ ਦੀ ਸਮਰੱਥਾ ਨੂੰ ਦਰਸਾਉਂਦਾ ਹੈ।’’ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਿਖਰਲੀਆਂ ਚਾਰ ਟੀਮਾਂ ਸਿੱਧੇ ਆਈਐੱਚਐੱਚ ਵਿਸ਼ਵ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨਗੀਆਂ। ਭਾਰਤ ਇਸ ਏਸ਼ਿਆਈ ਟੂਰਨਾਮੈਂਟ ਵਿੱਚ ਅੱਠਵੀਂ ਵਾਰ ਭਾਗ ਲੈ ਰਿਹਾ ਹੈ, ਜਦਕਿ ਦੇਸ਼ ਦਾ ਸਰਵੋਤਮ ਪ੍ਰਦਰਸ਼ਨ ਦੋ ਵਾਰ 2000 ਅਤੇ 2022 ਵਿੱਚ ਛੇਵਾਂ ਸਥਾਨ ਹਾਸਲ ਕਰਨਾ ਰਿਹਾ ਹੈ। -ਪੀਟੀਆਈ