ਅੱਜ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ: ਡਾ ਸੁਸ਼ੀਲ ਗੁਪਤਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 3 ਜੂਨ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੁਰੂਕਸ਼ੇਤਰ ਲੋਕ ਸਭਾ ਦੇ ਉਮੀਦਵਾਰ ਡਾਕਟਰ ਸੁਸ਼ੀਲ ਗੁਪਤਾ ਨੇ ਕਿਹਾ ਹੈ ਕਿ ਜੋ ਵੀ ਐਗਜ਼ਿਟ ਪੋਲ ਆਏ ਹਨ , ਉਹ ਨਿਰਪੱਖ ਨਹੀਂ ਹਨ। ਇਨ੍ਹਾਂ ਵਿੱਚ ਭਾਜਪਾ ਦਾ ਪੱਖ ਦਿਖਾਇਆ ਗਿਆ ਹੈ। ਇਨ੍ਹਾਂ ਵਿੱਚ ਲੋਕਾਂ ਦਾ ਪੱਖ ਗਾਇਬ ਹੈ। ਉਨਾਂ ਕਿਹਾ ਕਿ 4 ਜੂਨ ਨੂੰ ਸਾਰੇ ਐਗਜ਼ਿਟ ਪੋਲ ਸਾਹਮਣੇ ਆ ਜਾਣਗੇ ਤੇ ਦੇਸ਼ ਵਿਚ ਭਾਰਤ ਗੱਠਜੋੜ ਦੀ ਸਰਕਾਰ ਬਣੇਗੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਅੱਜ ਕੈਥਲ ਤੇ ਕੁਰੂਕਸ਼ੇਤਰ ਵਿੱਚ ਆਮ ਆਦਮੀ ਪਾਰਟੀ ਦੇ ਪੋਲਿੰਗ ਏਜੰਟਾਂ ਨੂੰ ਸਿਖਲਾਈ ਦਿੱਤੀ ਗਈ। ਇਸ ਦੌਰਾਨ ਪੋਸਟਲ ਵੋਟਾਂ ਵਿਚ ਬੇਨਿਯਮੀਆਂ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੀ ਕਾਨੂੰਨੀ ਟੀਮ ਵੀ ਚੌਕਸ ਰਹੇਗੀ। ਉਨਾਂ ਕਿਹਾ ਕਿ 4 ਜੂਨ ਨੂੰ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਨਣ ਜਾ ਰਹੀ ਹੈ ਤੇ ਹਰਿਆਣਾ ਵਿਚ ਵੀ ਭਾਰਤ ਗੱਠਜੋੜ ਭਾਜਪਾ ਦਾ ਸਫਾਇਆ ਕਰਨ ਦਾ ਕੰਮ ਕਰੇਗਾ। ਗੁਪਤਾ ਨੇ ਕਿਹਾ ਕਿ ਸਾਡੇ ਵਲੋਂ ਕੀਤੇ ਸਰਵੇਖਣ ਅਨੁਸਾਰ ਪੰਜਾਬ ਵਿੱਚੋਂ ਭਾਜਪਾ ਦਾ ਹੂੰਝਾ ਫੇਰ ਸਫਾਇਆ ਨਜ਼ਰ ਆ ਰਿਹਾ ਹੈ ਤੇ ਦਿੱਲੀ ਵਿੱਚੋਂ ਵੀ ਭਾਜਪਾ ਦਾ ਜਾਣਾ ਤੈਅ ਹੈ ਤੇ ਭਾਜਪਾ ਵੀ ਇਹ ਜਾਣਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪਹਿਲਾਂ ਹੀ ਹਾਰ ਦਾ ਡਰ ਸਤਾ ਰਿਹਾ ਹੈ। ਇਸ ਲਈ ਚੰਡੀਗੜ੍ਹ ਵਰਗਾ ਗੜਬੜ ਪੈਦਾ ਕਰਨ ਲਈ ਝੂਠਾ ਮਾਹੌਲ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਅੰਦਰੂਨੀ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਭਾਜਪਾ, ਰਾਜਸਥਾਨ, ਪੰਜਾਬ, ਦਿੱਲੀ ,ਉੱਤਰ ਪ੍ਰਦੇਸ਼, ,ਹਰਿਆਣਾ, ਮਹਾਂਰਾਸ਼ਟਰ ਤੇ ਕਰਨਾਟਕ ਵਿੱਚ ਬੁਰੀ ਤਰ੍ਹਾਂ ਹਾਰ ਰਹੀ ਹੈ।