ਭਾਰਤ 2026 ਤੱਕ ਖੱਬੇ ਪੱਖੀ ਕੱਟੜਵਾਦ ਤੋਂ ਮੁਕਤ ਹੋ ਜਾਵੇਗਾ: ਸ਼ਾਹ
ਰਾਏਪੁਰ, 24 ਅਗਸਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਰਤ ਮਾਰਚ 2026 ਤੱਕ ਖੱਬੇ ਪੱਖੀ ਕੱਟੜਵਾਦ (ਐੱਲਡਬਲਿਊਈ) ਤੋਂ ਮੁਕਤ ਹੋ ਜਾਵੇਗਾ ਅਤੇ ਇਸ ਖ਼ਿਲਾਫ਼ ਆਖਰੀ ਹੱਲੇ ਲਈ ਮਜ਼ਬੂਤ ਰਣਨੀਤੀ ਦੀ ਲੋੜ ਹੈ। ਸ਼ਾਹ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦਿਓ ਸਾਈ ਅਤੇ ਸੀਨੀਅਰ ਕੇਂਦਰੀ ਤੇ ਪੁਲੀਸ ਅਧਿਕਾਰੀਆਂ ਨਾਲ ਸੂਬੇ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਮਾਓਵਾਦੀਆਂ ਨਾਲ ਸਬੰਧਤ ਮਾਮਲਿਆਂ ਦੀ ਸਮੀਖਿਆ ਕਰਨ ਤੋਂ ਬਾਅਦ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਕਹੀ।
ਨਕਸਲੀਆਂ ਨੂੰ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਸ਼ਾਹ ਨੇ ਕਿਹਾ ਕਿ ਛੱਤੀਸਗੜ੍ਹ ਸਰਕਾਰ ਇੱਕ-ਦੋ ਮਹੀਨਿਆਂ ’ਚ ਨਵੀਂ ਆਤਮਸਮਰਪਣ ਨੀਤੀ ਦਾ ਐਲਾਨ ਕਰੇਗੀ। ਉਨ੍ਹਾਂ ਕਿਹਾ ਕਿ ਨਕਸਲੀਆਂ ਖ਼ਿਲਾਫ਼ ਆਖਰੀ ਹੱਲੇ ਲਈ ਸਖ਼ਤ ਅਤੇ ਮਜ਼ਬੂਤ ਰਣਨੀਤੀ ਦੀ ਲੋੜ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਨਕਸਲੀ ਹਿੰਸਾ ਲੋਕਤੰਤਰ ਲਈ ਚੁਣੌਤੀ ਹੈ ਅਤੇ ਇਸ ਸਮੱਸਿਆ ਨੇ ਦੇਸ਼ ਵਿੱਚ ਲਗਪਗ 17,000 ਵਿਅਕਤੀਆਂ ਦੀ ਜਾਨ ਲਈ ਹੈ। ਉਨ੍ਹਾਂ ਕਿਹਾ ਕਿ 2004-14 ਦੇ ਮੁਕਾਬਲੇ 2014-24 ਦੌਰਾਨ ਨਕਸਲੀ ਘਟਨਾਵਾਂ ਵਿੱਚ 53 ਫ਼ੀਸਦ ਕਮੀ ਆਈ ਹੈ। ਸ਼ਾਹ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਅਸੀਂ ਮਾਰਚ 2026 ਤੱਕ ਦੇਸ਼ ਨੂੰ ਖੱਬੇਪੱਖੀ ਕੱਟੜਵਾਦ ਤੋਂ ਮੁਕਤ ਕਰ ਦਿਆਂਗੇ।’’ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਬਾਰੇ ਪੁੱਛੇ ਜਾਣ ’ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਨੂੰ ਮੁੜ ਕਦੇ ਬਹਾਲ ਨਹੀਂ ਕੀਤਾ ਜਾਵੇਗਾ। -ਪੀਟੀਆਈ