ਅਤਿਵਾਦ ਖ਼ਿਲਾਫ਼ ਲੜਾਈ ’ਚ ਭਾਰਤ ਤੇ ਅਮਰੀਕਾ ਇਕਜੁੱਟ: ਗਾਰਸੈਟੀ
ਮੁੰਬਈ, 9 ਜਨਵਰੀ
ਭਾਰਤ ’ਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੈਟੀ ਨੇ ਅੱਜ ਕਿਹਾ ਕਿ ਭਾਰਤ ਤੇ ਅਮਰੀਕਾ ਅਤਿਵਾਦ ਖ਼ਿਲਾਫ਼ ਲੜਾਈ ’ਚ ਇਕਜੁੱਟ ਹਨ। ਉਨ੍ਹਾਂ ਅਪਰਾਧੀਆਂ ਨੂੰ ਨਿਆਂ ਦੇ ਕਟਹਿੜੇ ’ਚ ਲਿਆਉਣ ਲਈ ਦੋਵਾਂ ਦੇਸ਼ਾਂ ਵਿਚਾਲੇ ਖੁਫੀਆ ਜਾਣਕਾਰੀ ਸਾਂਝੀ ਕਰਨ ਤੇ ਸਹਿਯੋਗ ਵਧਾਉਣ ’ਤੇ ਤਸੱਲੀ ਪ੍ਰਗਟਾਈ।
ਗਾਰਸੈਟੀ ਨੇ ਕਿਹਾ ਕਿ ਅਮਰੀਕਾ ਦਾ ਸੁਫ਼ਨਾ ਤੇ ਭਾਰਤ ਦਾ ਸੁਫ਼ਨਾ ਇੱਕ ਹੀ ਸਿੱਕੇ ਦੇ ਦੋ ਪਾਸੇ ਸਨ। ਦੋਵਾਂ ਮੁਲਕਾਂ ਵਿਚਾਲੇ ਸਬੰਧ ਬਹੁ-ਪੱਖੀ ਹਨ ਅਤੇ ਦੋਵਾਂ ਦੀ ਭਾਈਵਾਲੀ ਦੀ ਕੋਈ ਹੱਦ ਨਹੀਂ ਹੈ। ਇੱਥੇ ‘ਪੀਸ ਐਂਡ ਦਿ ਰੋਲ ਆਫ ਦਿ ਯੂਐੱਸ-ਇੰਡੀਆ ਡਿਫੈਂਸ ਐਂਡ ਸਿਕਿਓਰਿਟੀ ਪਾਰਟਨਰਸ਼ਿਪ’ ਵਿਸ਼ੇ ’ਤੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਗਾਰਸੈਟੀ ਨੇ ਕਿਹਾ ਕਿ ਅਤਿਵਾਦ ਕਾਰਨ ਕਈ ਬੇਕਸੂਰ ਲੋਕਾਂ ਨੇ ਜਾਨ ਗੁਆਈ ਹੈ। ਉਨ੍ਹਾਂ ਕਿਹਾ, ‘ਦੋਵਾਂ ਮੁਲਕਾਂ ਨੂੰ ਲਸ਼ਕਰ, ਜੈਸ਼, ਆਈਐੱਸਆਈਐੱਸ ਜਿਹੇ ਅਤਿਵਾਦੀ ਸੰਗਠਨਾਂ ਤੋਂ ਖਤਰਾ ਹੈ। ਇਨ੍ਹਾਂ ਅਤਿਵਾਦੀ ਸੰਗਠਨਾਂ ਦੀ ਕੋਈ ਹੱਦ ਨਹੀਂ ਹੈ। ਸਾਨੂੰ ਮਿਲ ਕੇ ਇਸ ਖਤਰੇ ਦਾ ਸਾਹਮਣਾ ਕਰਨਾ ਚਾਹੀਦਾ ਹੈ। ਅਸੀਂ ਅਤਿਵਾਦ ਖ਼ਿਲਾਫ਼ ਲੜਾਈ ਤੋਂ ਕਿਤੇ ਅੱਗੇ ਇੱਕ-ਦੂਜੇ ਦਾ ਸਹਿਯੋਗ ਕਰਦੇ ਹਾਂ ਪਰ ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਅਸੀਂ ਭਾਈਚਾਰਿਆਂ ਨੂੰ ਕੱਟੜਵਾਦ ਤੋਂ ਕਿਵੇਂ ਮੁਕਤ ਕਰ ਸਕਦੇ ਹਾਂ।’
ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਅਤਿਵਾਦ ਖ਼ਿਲਾਫ਼ ਲੜਾਈ ’ਚ ਇਕਜੁੱਟ ਹਨ ਅਤੇ ਅਪਰਾਧੀਆਂ ਨੂੰ ਨਿਆਂ ਦੇ ਕਟਹਿੜੇ ’ਚ ਲਿਆਉਣ ਲਈ ਦੋਵਾਂ ਦੇਸ਼ਾਂ ਵਿਚਾਲੇ ਖੁਫੀਆ ਜਾਣਕਾਰੀ ਸਾਂਝੀ ਕਰਨ ਤੇ ਸਹਿਯੋਗ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ, ‘ਅਮਰੀਕਾ ਭਾਰਤ ਦਾ ਨੰਬਰ ਇੱਕ ਫੌਜੀ ਅਭਿਆਸ ਭਾਈਵਾਲ ਹੈ ਅਤੇ ਅਸੀਂ ਅਲਾਸਕਾ ਦੇ ਪਹਾੜਾਂ ਤੋਂ ਲੈ ਕੇ ਹਿੰਦ ਮਹਾਸਾਗਰ ਤੱਕ ਸਾਂਝੇ ਫੌਜੀ ਅਭਿਆਸ ਕੀਤੇ ਹਨ।’ -ਪੀਟੀਆਈ
ਗਾਰਸੈਟੀ ਵੱਲੋਂ ਅਡਾਨੀ ਮਾਮਲੇ ’ਚ ਕੁਝ ਵੀ ਕਹਿਣ ਤੋਂ ਇਨਕਾਰ
ਐਰਿਕ ਗਾਰਸੈਟੀ ਨੇ ਅੱਜ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਖ਼ਿਲਾਫ਼ ਅਮਰੀਕਾ ’ਚ ਲੱਗੇ ਦੋਸ਼ਾਂ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਾਡੇ ਕੋਲ ਇੱਕ ਆਜ਼ਾਦ ਨਿਆਂ ਪ੍ਰਣਾਲੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਥੇ (ਭਾਰਤ ਵਿੱਚ) ਉਦਯੋਗਪਤੀਆਂ ਤੇ ਵੱਡੀਆਂ ਕੰਪਨੀਆਂ ਨਾਲ ਸਾਡੀ ਚੰਗੀ ਭਾਈਵਾਲੀ ਰਹੀ ਹੈ ਅਤੇ ਅਸੀਂ ਨਵੇਂ ਕਾਰਖਾਨਿਆਂ, ਬੰਦਰਗਾਹਾਂ ਨੂੰ ਸਿੱਧੀ ਫੰਡਿੰਗ ਕਰ ਰਹੇ ਹਾਂ। ਗੌਤਮ ਅਡਾਨੀ ਬਾਰੇ ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨੀ। ਸਾਡੇ ਕੋਲ ਇੱਕ ਆਜ਼ਾਦ ਅਪਰਾਧਿਕ ਨਿਆਂ ਪ੍ਰਣਾਲੀ ਹੈ। ਇਹ ਸਾਡੇ ਸਿਆਸੀ ਪ੍ਰਬੰਧ ਤੋਂ ਅਲੱਗ ਹੈ। ਇਹ ਕਈ ਹੋਰ ਮੁਲਕਾਂ ਨਾਲੋਂ ਵੀ ਅਲੱਗ ਹੈ।’