ਭਵਿੱਖ ਵਿੱਚ ਭਾਰਤ-ਅਮਰੀਕਾ ਕੋਲ ਕਈ ਮੌਕੇ: ਗਾਰਸੇਟੀ
ਨਵੀਂ ਦਿੱਲੀ, 28 ਜੂਨ
ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਅੱਜ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਸ਼ਿੰਗਟਨ ਫੇਰੀ ਦਰਸਾਉਂਦੀ ਹੈ ਕਿ ਭਾਰਤ-ਅਮਰੀਕਾ ਭਾਈਵਾਲੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇੱਥੇ ਆਈਆਈਟੀ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਸੰਬੋਧਨ ਕਰਿਦਆਂ ਅਮਰੀਕੀ ਰਾਜਦੂਤ ਨੇ ਕਿਹਾ ਕਿ ਇਸ ਦੌਰੇ ਦੌਰਾਨ ਐਲਾਨੇ ਗਏ ਪ੍ਰਾਜੈਕਟ ਅਤੇ ਹੋਰ ਪਹਿਲਕਦਮੀਆਂ ਸਿਰਫ ਇਨ੍ਹਾਂ ਦੋ ਦੇਸ਼ਾਂ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਲਾਹੇਵੰਦ ਹੋਣਗੀਆਂ। ਭਾਰਤ ਅਤੇ ਅਮਰੀਕਾ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਯਕੀਨੀ ਬਣਾਉਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਦੁਨੀਆ ਦੇ ਦੋ ਪ੍ਰਮੁੱਖ ਲੋਕਤੰਤਰਾਂ ਦੇ ਇਕੱਠੇ ਹੋਣ ਦੇ ਮਹੱਤਵ ਬਾਰੇ ਕਿਹਾ, ”ਸਾਡੇ ਕੋਲ ਭਵਿੱਖ ਵਿੱਚ ਕਾਫੀ ਮੌਕੇ ਹਨ। ਅਸੀਂ ਵਧੀਕੀ ਖ਼ਿਲਾਫ਼ ਅਤੇ ਸ਼ਾਂਤੀ ਲਈ ਇਕੱਠੇ ਖੜ੍ਹੇ ਹੋ ਸਕਦੇ ਹਾਂ।” ਉਨ੍ਹਾਂ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ-ਅਮਰੀਕਾ ਦੀ ਭਾਈਵਾਲੀ ਵਧਾਉਣ ਦੇ ਮਹੱਤਵ ਬਾਰੇ ਵੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੋਵੇਂ ਦੇਸ਼ ਹੋਰ ਟੀਚੇ ਮਿੱਥਣ ਅਤੇ ਇਨ੍ਹਾਂ ਨੂੰ ਪੂਰੇ ਕਰਨ। -ਪੀਟੀਆਈ