ਨਵੀਂ ਦਿੱਲੀ, 23 ਫਰਵਰੀਭਾਰਤ ਤੇ ਬਰਤਾਨੀਆ ਅੱਠ ਮਹੀਨੇ ਤੋਂ ਵੱਧ ਸਮੇਂ ਮਗਰੋਂ 24 ਫਰਵਰੀ ਤੋਂ ਤਜਵੀਜ਼ਸ਼ੁਦਾ ਮੁਕਤ ਵਪਾਰ ਸਮਝੌਤੇ (ਐੱਫਟੀਏ) ’ਤੇ ਮੁੜ ਗੱਲਬਾਤ ਸ਼ੁਰੂ ਕਰਨਗੇ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।ਇੱਕ ਅਧਿਕਾਰੀ ਨੇ ਦੱਸਿਆ ਕਿ ਬਰਤਾਨੀਆ ਦੇ ਵਪਾਰ ਤੇ ਵਣਜ ਮੰਤਰੀ ਜੋਨਾਥਨ ਰੇਨੌਲਡਜ਼ ਗੱਲਬਾਤ ਮੁੜ ਸ਼ੁਰੂ ਕਰਨ ਲਈ ਭਾਰਤ ਜਾਣਗੇ। ਅਧਿਕਾਰੀ ਨੇ ਦੱਸਿਆ ਕਿ ਉਹ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨਾਲ ਦੁਵੱਲੀ ਮੀਟਿੰਗ ਕਰਨਗੇ। ਭਾਰਤ-ਬਰਤਾਨੀਆ ਐੱਫਟੀਏ ਵਾਰਤਾ 13 ਜਨਵਰੀ 2022 ਨੂੰ ਸ਼ੁਰੂ ਹੋਈ ਸੀ ਤੇ ਦਸੰਬਰ 2023 ਤੱਕ 13 ਗੇੜ ਦੀ ਗੱਲਬਾਤ ਹੋਈ। 14ਵਾਂ ਗੇੜ 10 ਜਨਵਰੀ 2024 ਨੂੰ ਸ਼ੁਰੂ ਹੋਇਆ। ਮਈ 2024 ’ਚ ਬਰਤਾਨੀਆ ’ਚ ਚੋਣਾਂ ਕਾਰਨ ਗੱਲਬਾਤ ਦਾ ਇਹ ਗੇੜ ਰੁਕ ਗਿਆ ਸੀ।ਅਧਿਕਾਰੀ ਨੇ ਕਿਹਾ ਕਿ ਗੱਲਬਾਤ ਪਹਿਲਾਂ ਹਾਸਲ ਹੋ ਚੁੱਕੀ ਪ੍ਰਗਤੀ ਤੋਂ ਅੱਗੇ ਲਈ ਹੋਵੇਗੀ। ਵਾਰਤਾ ਰਾਹੀਂ ਉਨ੍ਹਾਂ ਦੀ ਕੋਸ਼ਿਸ਼ ਪੈਂਡਿੰਗ ਮਸਲੇ ਹੱਲ ਕਰਨ ਤੇ ਵਪਾਰ ਸਮਝੌਤੇ ਨੂੰ ਤੇਜ਼ੀ ਨਾਲ ਅੰਤਿਮ ਰੂਪ ਦੇਣ ਦੀ ਹੈ। ਭਾਰਤ-ਬਰਤਾਨੀਆ ਐੱਫਟੀਏ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਤੇ ਨਿਵੇਸ਼ ਨੂੰ ਹੁਲਾਰਾ ਮਿਲੇਗਾ। ਅਜਿਹੇ ਸਮਝੌਤੇ ’ਚ ਦੋ ਦੇਸ਼ ਆਪਣੇ ਵਿਚਾਲੇ ਵਪਾਰ ਅਧੀਨ ਵੱਧ ਤੋਂ ਵੱਧ ਉਤਪਾਦਾਂ ’ਤੇ ਕਸਟਮ ਡਿਊਟੀ ਜਾਂ ਤਾਂ ਖਤਮ ਕਰ ਦਿੰਦੇ ਹਨ ਜਾਂ ਕਾਫੀ ਘੱਟ ਕਰ ਦਿੰਦੇ ਹਨ। ਉਹ ਸੇਵਾਵਾਂ ਤੇ ਦੁਵੱਲੇ ਨਿਵੇਸ਼ ’ਚ ਵਪਾਰ ਨੂੰ ਹੁਲਾਰਾ ਦੇਣ ਲਈ ਨੇਮ ਵੀ ਆਸਾਨ ਬਣਾਉਂਦੇ ਹਨ। ਭਾਰਤ ਤੇ ਬਰਤਾਨੀਆ ਵਿਚਾਲੇ ਦੁਵੱਲਾ ਵਪਾਰ 2022-23 ਦੇ 20.36 ਅਰਬ ਅਮਰੀਕੀ ਡਾਲਰ ਤੋਂ ਵਧ ਕੇ 2023-24 ’ਚ 21.34 ਅਰਬ ਡਾਲਰ ਹੋ ਗਿਆ। ਆਰਥਿਕ ਖੋਜ ਸੰਸਥਾ ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀਟੀਆਰਆਈ) ਅਨੁਸਾਰ, ‘ਕੱਪੜਾ, ਰੈਡੀਮੇਡ ਕੱਪੜੇ, ਜੁੱਤੇ, ਗਲੀਚੇ, ਕਾਰ, ਸਮੁੰਦਰੀ ਉਤਪਾਦ, ਅੰਗੂਰ ਤੇ ਅੰਬ ਸਮੇਤ ਹੋਰ ਵਸਤਾਂ ਨੂੰ ਸਮਝੌਤੇ ਤਹਿਤ ਲਾਭ ਹੋਵੇਗਾ ਕਿਉਂਕਿ ਇਨ੍ਹਾਂ ਉਤਪਾਦਾਂ ’ਤੇ ਬਰਤਾਨੀਆ ’ਚ ਮੁਕਾਬਲਤਨ ਘੱਟ ਤੋਂ ਦਰਮਿਆਨਾ ਟੈਕਸ ਲੱਗਦਾ ਹੈ।’ -ਪੀਟੀਆਈ