For the best experience, open
https://m.punjabitribuneonline.com
on your mobile browser.
Advertisement

ਸੂਚਨਾ ਤੇ ਸੰਚਾਰ ਤਕਨੀਕਾਂ ਦੀ ਦੁਰਵਰਤੋਂ ਦੇ ਟਾਕਰੇ ਲਈ ਸਹਿਯੋਗ ਜਾਰੀ ਰੱਖੇਗਾ ਭਾਰਤ: ਡੋਵਾਲ

07:13 AM Apr 25, 2024 IST
ਸੂਚਨਾ ਤੇ ਸੰਚਾਰ ਤਕਨੀਕਾਂ ਦੀ ਦੁਰਵਰਤੋਂ ਦੇ ਟਾਕਰੇ ਲਈ ਸਹਿਯੋਗ ਜਾਰੀ ਰੱਖੇਗਾ ਭਾਰਤ  ਡੋਵਾਲ
ਮਾਸਕੋ ਵਿੱਚ ਬ੍ਰਿਕਸ ਐੱਨਐੇੱਸਏ ਦੀ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ। -ਫੋਟੋ: ਏਐੱਨਆਈ
Advertisement

ਮਾਸਕੋ, 24 ਅਪਰੈਲ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਕਿਹਾ ਕਿ ਭਾਰਤ ਦਹਿਸ਼ਤਗਰਦਾਂ ਤੇ ਅਪਰਾਧੀਆਂ ਵੱਲੋਂ ਸੂਚਨਾ ਤੇ ਸੰਚਾਰ ਤਕਨੀਕਾਂ ਦੀ ਦੁਰਵਰਤੋਂ ਦੇ ਟਾਕਰੇ ਲਈ ਸਹਿਯੋਗ ਜਾਰੀ ਰੱਖੇਗਾ। ਉਨ੍ਹਾਂ ਨੇ ਸੂਚਨਾ ਸੁਰੱਖਿਆ ਯਕੀਨੀ ਬਣਾਉਣ ਲਈ ਇੱਕ ਖੁੱਲ੍ਹੇ, ਸਥਿਰ, ਸੁਰੱਖਿਅਤ, ਭਰੋਸੇਯੋਗ ਢਾਂਚੇ ਵਾਲੇ ਕੌਮਾਂਤਰੀ ਸਹਿਯੋਗ ਦਾ ਸੱਦਾ ਵੀ ਦਿੱਤਾ। ਰੂਸ ਦੇ ਸੇਂਟ ਪੀਟਰਸਬਰਗ ਵਿੱਚ ‘ਨੀਤੀ ਕੇਂਦਰਤ ਦੁਨੀਆਂ ’ਚ ਸੂੁਚਨਾ ਸੁਰੱਖਿਆ ਯਕੀਨੀ ਬਣਾਉਣਾ’ ਵਿਸ਼ੇ ’ਤੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਡੋਵਾਲ ਨੇ ਸਮੁੱਚੇ ਆਰਥਿਕ ਵਿਕਾਸ ਲਈ ਡਿਜੀਟਲ ਤਕਨੀਕ ਦੀ ਵਰਤੋਂ ਸਬੰਧੀ ਭਾਰਤ ਦੀ ਨੀਤੀ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਭਾਰਤ ਦਹਿਸ਼ਤਗਰਦਾਂ ਤੇ ਅਪਰਾਧੀਆਂ ਵੱਲੋਂ ਸੂਚਨਾ ਤੇ ਸੰਚਾਰ ਤਕਨੀਕਾਂ ਦੀ ਦੁਰਵਰਤੋਂ ਅਤੇ ਦਹਿਸ਼ਤਗਰਦੀ ਲਈ ਫੰਡਿਗ ਰੋਕਣ ਲਈ ਸਹਿਯੋਗ ਜਾਰੀ ਰੱਖੇਗਾ। ਸੁਰੱਖਿਆ ਮਾਮਲਿਆਂ ਲਈ ਜ਼ਿੰਮੇਵਾਰ ਉੱਚ ਪੱਧਰੀ ਅਧਿਕਾਰੀਆਂ ਦੀ 12ਵੀਂ ਕੌਮਾਂਤਰੀ ਮੀਟਿੰਗ ’ਚ ਹਿੱਸਾ ਲੈਂਦਿਆਂ ਡੋਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਹਿਯੋਗ ਦੀ ਰੂਪਰੇਖਾ ’ਚ ਅਹਿਮ ਮੁੱਦਿਆਂ ’ਤੇ ਆਮ ਸਮਝ ਵਿਕਸਤ ਕਰਨ ’ਚ ਮਦਦ ਲਈ ਸਰਕਾਰਾਂ ਤੋਂ ਲੈ ਕੇ ਨਿੱਜੀ ਖੇਤਰ, ਸਿੱਖਿਆ ਜਗਤ, ਤਕਨੀਕੀ ਭਾਈਚਾਰਿਆਂ ਤੇ ਸਮਾਜ ਤੱਕ ਸਾਰੇ ਹਿੱਤਧਾਰਕ ਅਤੇ ਰੈਗੂਲਰ ਸੰਸਥਾਗਤ ਸੰਵਾਦ ਸ਼ਾਮਲ ਹਨ। ਉਨ੍ਹਾਂ ਆਖਿਆ ਕਿ ਅਧਿਆਪਨ, ਸਿੱਖਿਆ, ਜਾਗਰੂਕਤਾ ਪ੍ਰੋਗਰਾਮਾਂ ਤੇ ਉੱਭਰਦੀਆਂ ਤਕਨੀਕਾਂ ਦੀ ਸੁਰੱਖਿਆ ਦੇ ਮਾਨਕਾਂ ਦੇ ਵਿਕਾਸ ਰਾਹੀਂ ਇੱਕੋ ਜਿਹੀ ਵਿਚਾਰਧਾਰਾ ਵਾਲੇ ਦੇਸ਼ਾਂ ਦੀ ਸਮਰੱਥਾ ਨਿਰਮਾਣ ਅਤੇ ਘਰੇਲੂ ਤੇ ਕੌਮਾਂਤਰੀ ਪੱਧਰ ’ਤੇ ਸਹਿਯੋਗ ਲਈ ਢਾਂਚੇ ਦਾ ਨਿਰਮਾਣ ਵੀ ਅਜਿਹੇ ਸਹਿਯੋਗ ਦਾ ਹਿੱਸਾ ਹੋਣਾ ਚਾਹੀਦਾ ਹੈ। -ਪੀਟੀਆਈ

Advertisement

ਡੋਵਾਲ ਨੇ ਰੂਸੀ ਹਮਰੁਤਬਾ ਨਾਲ ਦੁਵੱਲੇ ਸਹਿਯੋਗ ਬਾਰੇ ਕੀਤੀ ਚਰਚਾ

ਮਾਸਕੋ: ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਇਸ ਮਹੀਨੇ ਦੂਜੀ ਵਾਰ ਆਪਣੇ ਰੂਸੀ ਹਮਰੁਤਬਾ ਨਿਕੋਲਾਇ ਪੈਤਰੂਸ਼ੇਵ ਨਾਲ ਮੁਲਾਕਾਤ ਕੀਤੀ। ਦੋਹਾਂ ਨੇ ਦੁਵੱਲੇ ਸਹਿਯੋਗ ਅਤੇ ਆਪਸੀ ਹਿੱਤਾਂ ਨਾਲ ਜੁੜੇ ਅਹਿਮ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਮਾਸਕੋ ’ਚ ਭਾਰਤੀ ਸਫ਼ਾਰਤਖਾਨੇ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਡੋਵਾਲ ਨੇ ਰੂਸੀ ਫੈਡਰੇਸ਼ਨ ਦੇ ਸੁਰੱਖਿਆ ਕੌਂਸਲ ਦੇ ਸਕੱਤਰ ਪੈਤਰੂਸ਼ੇਵ ਨਾਲ ਮੀਟਿੰਗ ਕੀਤੀ। ਐੱਨਐੱਸਏ ਨੇ 22 ਮਾਰਚ ਨੂੰ ਮਾਸਕੋ ਦੇ ਕ੍ਰੋਕਸ ਸਿਟੀ ਹਾਲ ’ਚ ਹੋਏ ਦਹਿਸ਼ਤੀ ਹਮਲੇ ਦੀ ਨਿਖੇਧੀ ਕੀਤੀ ਸੀ। ਉਨ੍ਹਾਂ ਦਹਿਸ਼ਤਗਰਦਾਂ ਨਾਲ ਟਾਕਰੇ ’ਚ ਅਪਣਾਏ ਜਾਂਦੇ ਦੋਹਰੇ ਮਾਪਦੰਡ ਛੱਡਣ ਦਾ ਸੱਦਾ ਦਿੱਤਾ ਸੀ। ਇਸ ਮਹੀਨੇ ਦੇ ਸ਼ੁਰੂ ’ਚ ਡੋਵਾਲ ਨੇ ਪੈਤਰੂਸ਼ੇਵ ਨਾਲ ਅਸਤਾਨਾ ’ਚ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਦੇ ਸੁਰੱਖਿਆ ਕੌਂਸਲਾਂ ਨਾਲ ਸਬੰਧਤ ਸਕੱਤਰਾਂ ਦੀ 19ਵੀਂ ਸਾਲਾਨਾ ਮੀਟਿੰਗ ਦੌਰਾਨ ਵੀ ਮੁਲਾਕਾਤ ਕੀਤੀ ਸੀ। ਡੋਵਾਲ ਨੇ ਮਿਆਂਮਾਰ ਦੇ ਆਪਣੇ ਹਮਰੁਤਬਾ ਐਡਮਿਰਲ ਮੋਏ ਔਂਗ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਮਿਆਂਮਾਰ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕੀਤੀ ਅਤੇ ਉਥੇ ਭਾਰਤ ਦੀ ਸਹਾਇਤਾ ਨਾਲ ਚੱਲ ਰਹੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਹਾਸਲ ਕੀਤੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×