India thrash Bangladesh: ਭਾਰਤ ਨੇ ਜੂਨੀਅਰ ਮਹਿਲਾ ਹਾਕੀ ਏਸ਼ੀਆ ਕੱਪ ਵਿੱਚ ਬੰਗਲਾਦੇਸ਼ ਨੂੰ 13-1 ਨਾਲ ਹਰਾਇਆ
ਮਸਕਟ, 8 ਦਸੰਬਰ
India thrash Bangladesh 13-1 in Jr Women's Hockey Asia Cup opener: ਇੱਥੇ ਜੂਨੀਅਰ ਮਹਿਲਾ ਹਾਕੀ ਏਸ਼ੀਆ ਕੱਪ ਦੇ ਪਹਿਲੇ ਮੈਚ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 13-1 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਇਸ ਮੈਚ ਵਿਚ ਮੁਮਤਾਜ਼ ਖਾਨ ਦੇ ਚਾਰ ਗੋਲਾਂ ਤੇ ਕਨਿਕਾ ਸਿਵਾਚ ਅਤੇ ਦੀਪਿਕਾ ਦੇ ਤਿੰਨ-ਤਿੰਨ ਗੋਲਾਂ ਸਦਕਾ ਭਾਰਤ ਨੇ ਇਹ ਮੈਚ ਜਿੱਤਿਆ। ਮੁਮਤਾਜ਼ ਨੇ (27ਵੇਂ, 32ਵੇਂ, 53ਵੇਂ, 58ਵੇਂ), ਕਨਿਕਾ ਨੇ (12ਵੇਂ, 51ਵੇਂ, 52ਵੇਂ), ਦੀਪਿਕਾ ਨੇ (7ਵੇਂ, 20ਵੇਂ, 55ਵੇਂ) ਮਿੰਟ ਵਿਚ ਗੋਲ ਕੀਤੇ ਜਦਕਿ ਮਨੀਸ਼ਾ, ਬਿਊਟੀ ਡੁੰਗ ਡੁੰਗ ਤੇ ਉਪ ਕਪਤਾਨ ਸਾਕਸ਼ੀ ਰਾਣਾ ਨੇ ਵੀ ਇਕ ਇਕ ਗੋਲ ਕੀਤਾ।
ਭਾਰਤ ਨੇ ਮੈਚ ਦੀ ਸ਼ੁਰੂਆਤ ਹੀ ਵਧੀਆ ਕੀਤੀ। ਸੱਤਵੇਂ ਮਿੰਟ ਵਿੱਚ ਦੀਪਿਕਾ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਦਿੱਤਾ। ਇਸ ਮੈਚ ਵਿਚ ਭਾਰਤ ਨੂੰ 12 ਪੈਨਲਟੀ ਕਾਰਨਰ ਮਿਲੇ ਜਦਕਿ ਬੰਗਲਾਦੇਸ਼ ਨੂੰ ਸਿਰਫ਼ ਇੱਕ ਪੈਨਲਟੀ ਕਾਰਨਰ ਮਿਲਿਆ। ਦੀਪਿਕਾ ਤੋਂ ਸਿਰਫ਼ ਤਿੰਨ ਮਿੰਟ ਬਾਅਦ ਮਨੀਸ਼ਾ ਨੇ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਦਿੱਤਾ, ਜਦੋਂ ਕਿ ਕਨਿਕਾ ਨੇ 12ਵੇਂ ਮਿੰਟ ਵਿਚ ਮੈਦਾਨੀ ਗੋਲ ਕੀਤਾ।
ਇਸ ਤੋਂ ਬਾਅਦ ਬੰਗਲਾਦੇਸ਼ ਨੇ ਇਕਲੌਤਾ ਗੋਲ ਕੀਤਾ। ਇਸ ਤੋਂ ਬਾਅਦ ਭਾਰਤੀ ਟੀਮ ਨੇ ਮੈਚ ਪੂਰੀ ਤਰ੍ਹਾਂ ਆਪਣੇ ਪੱਖ ਵਿਚ ਕਰ ਲਿਆ ਤੇ ਗੋਲਾਂ ਦੀ ਝੜੀ ਲਾ ਦਿੱਤੀ। ਇਸ ਮੈਚ ਵਿਚ ਭਾਰਤੀ ਖਿਡਾਰਨਾਂ ਨੇ ਪੈਨਲਟੀ ਕਾਰਨਰਾਂ ਨੂੰ ਗੋਲ ਵਿਚ ਬਦਲਣ ਲਈ ਕੋਈ ਗਲਤੀ ਨਾ ਕੀਤੀ।