ਬਾਲਾਸੋਰ (ਉੜੀਸਾ), 12 ਸਤੰਬਰਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਭਾਰਤੀ ਜਲ ਸੈਨਾ ਨੇ ਅੱਜ ਉੜੀਸਾ ਦੇ ਤੱਟੀ ਇਲਾਕੇ ਚਾਂਦੀਪੁਰ ’ਚ ਘੱਟ ਦੂਰੀ ਦੀ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ (ਵੀਐੱਲ-ਐੱਸਆਰਐੱਸਏਐੱਮ) ਦੀ ਸਫਲ ਅਜ਼ਮਾਇਸ਼ ਕੀਤੀ। ਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਚਾਂਦੀਪੁਰ ਦੀ ਏਕੀਕ੍ਰਿਤ ਟੈਸਟ ਰੇਂਜ ’ਚ ਇਹ ਪਰਖ ਦੁਪਹਿਰ ਲਗਪਗ 3 ਵਜੇ ਕੀਤੀ ਗਈ। ਇਹ ਪਰਖ ਜ਼ਮੀਨ ਅਧਾਰਿਤ ਵਰਟੀਕਲ ਲਾਂਚਰ ਤੋਂ ਕੀਤੀ ਗਈ ਜਿਸ ਦਾ ਮਕਸਦ ਘੱਟ ਉਚਾਈ ’ਤੇ ਤੇਜ਼ ਰਫ਼ਤਾਰ ਵਾਲੇ ਹਵਾਈ ਨਿਸ਼ਾਨੇ ਨੂੰ ਫੁੰਡਣਾ ਹੈ। ਉਨ੍ਹਾਂ ਕਿਹਾ ਕਿ ਪਰਖ ਦੌਰਾਨ ਮਿਜ਼ਾਈਲ ਪ੍ਰਣਾਲੀ ਨੇ ਸਟੀਕਤਾ ਨਾਲ ਨਿਸ਼ਾਨੇ ਦਾ ਪਤਾ ਲਾਇਆ ਤੇ ਇਸ ਨੂੰ ਫੁੰਡਿਆ। -ਪੀਟੀਆਈ