ਭਾਰਤ ਕ੍ਰਿਕਟ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ: ਸ਼ਾਸਤਰੀ
ਚੇਨੱਈ, 17 ਨਵੰਬਰ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਅੱਜ ਕਿਹਾ ਕਿ ਮੇਜ਼ਬਾਨ ਨੇ ਆਈਸੀਸੀ ਵਿਸ਼ਵ ਕੱਪ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਚੰਗੀ ਲੈਅ ਵਿੱਚ ਹੈ। ਇਸ ਲਈ ਉਸ ਨੂੰ ਫਾਈਨਲ ਮੁਕਾਬਲੇ ਦੌਰਾਨ ਟੀਮ ਤੇ ਖੇਡ ਬਣਤਰ ਵਿੱਚ ਕੋਈ ਫੇਰਬਦਲ ਕਰਨ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਜੇਕਰ ਭਾਰਤ ਆਪਣੀ ਮੌਜੂਦਾ ਰਣਨੀਤੀ ’ਤੇ ਕਾਇਮ ਰਹਿੰਦਿਆਂ ਫਾਈਨਲ ਵਿੱਚ ਉਤਰਦਾ ਹੈ ਤਾਂ ਉਹ ਵਿਸ਼ਵ ਕੱਪ ਖ਼ਿਤਾਬ ਦਾ ਮਜ਼ਬੂਤ ਦਾਅਵੇਦਾਰ ਹੋਵੇਗਾ। ਉਨ੍ਹਾਂ ਭਾਰਤੀ ਟੀਮ ਨੂੰ ਆਪਣੀ ਰਣਨੀਤੀ ਵਿੱਚ ਬਦਲਾਅ ਨਾ ਕਰਨ ਦੀ ਅਪੀਲ ਕੀਤੀ। ਉਹ ਇੱਥੇ ਸ਼ਹਿਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਵੱਖਰੇ ਤੌਰ ’ਤੇ ਗੱਲਬਾਤ ਕਰ ਰਹੇ ਸਨ। ਸ਼ਾਸਤਰੀ ਨੇ ਖ਼ਿਤਾਬੀ ਮੁਕਾਬਲੇ ਬਾਰੇ ਬਾਰੇ ਕਿਹਾ ਕਿ ਭਾਰਤ ਨੂੰ ਕੁੱਝ ਵੱਖਰਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ, ‘‘ਮੇਰਾ ਖ਼ਿਆਲ ਹੈ ਕਿ ਉਹ ਬੇਫਿਕਰ ਹੋਣਗੇ। ਉਹ ਘਰੇਲੂ ਮੈਦਾਨ ’ਤੇ ਖੇਡ ਰਹੇ ਹਨ ਅਤੇ ਉਨ੍ਹਾਂ ਕੋਲ ਕਾਫ਼ੀ ਤਜਰਬਾ ਹੈ। ਉਨ੍ਹਾਂ ਨੂੰ ਕੁੱਝ ਵੱਖਰਾ ਕਰਨ ਦੀ ਲੋੜ ਨਹੀਂ ਹੈ। ਉਹ ਜਿਸ ਢੰਗ ਨਾਲ ਖੇਡ ਰਹੇ ਹਨ, ਇਸੇ ਢੰਗ ਨਾਲ ਖੇਡ ਜਾਰੀ ਰੱਖਣ। ਕੱਪ ਉਨ੍ਹਾਂ ਦੇ ਹੱਥਾਂ ਵਿੱਚ ਹੋਵੇਗਾ।’’ ਸ਼ਾਸਤਰੀ ਨੇ ਕਿਹਾ, ‘‘ਭਾਰਤ ਵਿਸ਼ਵ ਕੱਪ ਜਿੱਤੇਗਾ। ਉਨ੍ਹਾਂ ਨੂੰ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰਨੀ ਹੋਵੇਗੀ।’’ ਭਾਰਤ ਫਾਈਨਲ ਵਿੱਚ 19 ਨਵੰਬਰ ਨੂੰ ਆਸਟਰੇਲੀਆ ਦਾ ਸਾਹਮਣਾ ਕਰੇਗਾ। ਆਸਟਰੇਲੀਆ ਨੂੰ ਲੀਗ ਗੇੜ ਵਿੱਚ ਹਰਾਉਣ ਦੇ ਬਾਵਜੂਦ ਭਾਰਤ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਖ਼ਿਲਾਫ਼ ਦਬਾਅ ਵਿੱਚ ਹੋਵੇਗਾ ਕਿਉਂਕਿ ਉਸ ਦੇ ਨਾਮ ਜ਼ਿਆਦਾਤਰ ਆਈਸੀਸੀ ਫਾਈਨਲ ਮੁਕਾਬਲੇ ਜਿੱਤਣ ਦਾ ਰਿਕਾਰਡ ਹੈ। ਹਾਲਾਂਕਿ, ਸ਼ਾਸਤਰੀ ਦਾ ਮੰਨਣਾ ਹੈ ਕਿ ਜੇਕਰ ਭਾਰਤੀ ਟੀਮ ਨੇ ਸੰਜਮ ਬਣਾ ਕੇ ਰੱਖਿਆ ਅਤੇ ਦਬਾਅ ਝੱਲ ਗਈ ਤਾਂ ਉਹ ਵਿਸ਼ਵ ਜੇਤੂ ਬਣ ਸਕਦੀ ਹੈ। -ਪੀਟੀਆਈ