ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਨਡੀਏ ਨੂੰ ਚੁਣੌਤੀ ਦੇਣ ਲਈ ਡਟਿਆ ਇੰਡੀਆ

07:07 AM Jul 19, 2023 IST
ਬੰਗਲੂਰੂ ਵਿੱਚ ਵਿਰੋਧੀ ਧਿਰਾਂ ਦੀ ਮੀਟਿੰਗ ਮੌਕੇ ਮੰਚ ’ਤੇ ਬੈਠੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਐੱਨਸੀਪੀ ਦੇ ਸ਼ਰਦ ਪਵਾਰ ਤੇ ਲਾਲੂ ਪ੍ਰਸਾਦ ਯਾਦਵ। -ਫੋਟੋ: ਪੀਟੀਆਈ

* 26 ਵਿਰੋਧੀ ਪਾਰਟੀਆਂ ਵੱਲੋਂ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ ਕਾਇਮ

* ਚਾਰ ਘੰਟੇ ਦੇ ਵਿਚਾਰ ਵਟਾਂਦਰੇ ਮਗਰੋਂ ਗੱਠਜੋੜ ਦੇ ਆਗੂਆਂ ਨੇ ਲਏ ਕਈ ਅਹਿਮ ਫੈਸਲੇ

* 11 ਮੈਂਬਰੀ ਤਾਲਮੇਲ ਕਮੇਟੀ ਗਠਿਤ

* ਕਾਂਗਰਸ ਦੀ ਸੱਤਾ ਜਾਂ ਪ੍ਰਧਾਨ ਮੰਤਰੀ ਦੇ ਅਹੁਦੇ ਵਿੱਚ ਦਿਲਚਸਪੀ ਨਹੀਂ: ਖੜਗੇ

ਬੰਗਲੂਰੂ, 18 ਜੁਲਾਈ
ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨਾਲ ਮੱਥਾ ਲਾਉਣ ਲਈ 26 ਵਿਰੋਧੀ ਪਾਰਟੀਆਂ ਨੇ ਅੱਜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਨਾਂ ਦਾ ਗੱਠਜੋੜ ਬਣਾਇਆ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ 2024 ਵਿੱਚ ਹੋਣ ਵਾਲੀ ਇਹ ਲੜਾਈ ‘ਇੰਡੀਆ ਬਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ’ ਹੋਵੇਗੀ। ਇਥੇ 26 ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਚਾਰ ਘੰਟੇ ਦੇ ਕਰੀਬ ਚੱਲੀ ਮੀਟਿੰਗ ਉਪਰੰਤ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਵਿਰੋਧੀ ਧਿਰਾਂ ਦੇ ਗੱਠਜੋੜ ਦਾ ਨਾਂ ਐਲਾਨਿਆ ਗਿਆ।

Advertisement

ਬੰਗਲੂਰੂ ਵਿੱਚ ਵਿਰੋਧੀ ਧਿਰਾਂ ਦੀ ਮੀਟਿੰਗ ਮੌਕੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਕਾਂਗਰਸ ਆਗੂ ਰਾਹੁਲ ਗਾਂਧੀ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ‘‘ਅਸੀਂ 2024 ਲੋਕ ਸਭਾ ਚੋਣਾਂ ਇਕਜੁੱਟ ਹੋ ਕੇ ਲੜਾਂਗੇ ਤੇ ਅਸੀਂ ਵੱਡੀ ਸਫ਼ਲਤਾ ਪ੍ਰਾਪਤ ਕਰਾਂਗੇ।’’ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵਿਚਾਲੇ ਤਾਲਮੇਲ ਲਈ 11 ਮੈਂਬਰੀ ਕਮੇਟੀ ਗਠਿਤ ਕੀਤੀ ਜਾਵੇਗੀ ਤੇ ਕਮੇਟੀ ਦੇ ਕਨਵੀਨਰ ਦੀ ਚੋਣ ਮੁੰਬਈ ਵਿੱਚ ਹੋਣ ਵਾਲੀ ਅਗਲੀ ਮੀਟਿੰਗ ਵਿਚ ਹੋਵੇਗੀ। ਖੜਗੇ ਨੇ ਕਿਹਾ ਕਿ ਗੱਠਜੋੜ ਦੇ ਪ੍ਰਚਾਰ ਪ੍ਰਬੰਧਨ ਲਈ ਦਿੱਲੀ ਵਿੱਚ ਸਕੱਤਰੇਤ ਕਾਇਮ ਕੀਤਾ ਜਾਵੇਗਾ ਤੇ ਵੱਖਰੇ ਮੁੱਦਿਆਂ ਲਈ ਵਿਸ਼ੇਸ਼ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ।

ਪੀਡੀਪੀ ਸੁਪਰੀਮੋ ਮਹਬਿੂਬਾ ਮੁਫ਼ਤੀ ਦਾ ਵਿਰੋਧੀ ਧਿਰਾਂ ਦੀ ਮੀਟਿੰਗ ’ਚ ਸਵਾਗਤ ਕਰਦੇ ਹੋਏ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ।

ਉਨ੍ਹਾਂ ਕਿਹਾ ਕਿ ਮੁੰਬਈ ਮੀਟਿੰਗ ਲਈ ਤਰੀਕਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ। ਖੜਗੇ ਹਾਲਾਂਕਿ ਨਵੇਂ ਗੱਠਜੋੜ ਦੇ ਚਿਹਰੇ ਮੋਹਰੇ ਬਾਰੇ ਪੁੱਛੇ ਸਵਾਲ ਦੇ ਸਿੱਧੇ ਜਵਾਬ ਤੋਂ ਟਾਲਾ ਵਟ ਗਏ। ਹਾਲਾਂਕਿ ਵਿਰੋਧੀ ਧਿਰਾਂ ਦੀ ਬੈਠਕ ਦੌਰਾਨ ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਦੀ ਸੱਤਾ ਜਾਂ ਪ੍ਰਧਾਨ ਮੰਤਰੀ ਦੇ ਅਹੁਦੇ ਵਿੱਚ ਦਿਲਚਸਪੀ ਨਹੀਂ ਹੈ। ਕਾਂਗਰਸ ਪ੍ਰਧਾਨ ਨੇ ਕਿਹਾ, ‘‘ਇਸ ਬੈਠਕ ਵਿੱਚ ਸਾਡਾ ਇਰਾਦਾ ਆਪਣੇ ਲਈ ਸੱਤਾ ਹਾਸਲ ਕਰਨਾ ਨਹੀਂ ਹੈ। ਇਹ ਸਾਡੇ ਸੰਵਿਧਾਨ, ਜਮਹੂਰੀਅਤ, ਧਰਮਨਿਰਪੱਖਤਾ ਤੇ ਸਮਾਜਿਕ ਨਿਆਂ ਨੂੰ ਬਚਾਉਣ ਦੀ ਲੜਾਈ ਹੈ।’’ ਖੜਗੇ ਨੇ ਕਿਹਾ ਕਿ ਪਟਨਾ ਕਨਕਲੇਵ ਮਗਰੋਂ ਵਿਰੋਧੀ ਧਿਰਾਂ ਦੀ ਇਹ ਦੂਜੀ ਮੀਟਿੰਗ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਜਮਹੂਰੀਅਤ ਤੇ ਸੰਵਿਧਾਨ ਨੂੰ ਬਚਾਉਣ ਲਈ ਬਹੁਤ ਅਹਿਮ ਸੀ। ਖੜਗੇ ਨੇ ਕਿਹਾ, ‘‘ਸਾਡੇ ਗੱਠਜੋੜ ਨੂੰ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੇ ਨਾਂ ਨਾਲ ਸੱਦਿਆ ਜਾਵੇਗਾ।’’ ਸੂਤਰਾਂ ਮੁਤਾਬਕ ਵਿਰੋਧੀ ਧਿਰ ਦੇ ਮੁਹਾਜ਼ ਦਾ ਇਹ ਨਾਮ ਤ੍ਰਿਣਮੂਲ ਕਾਂਗਰਸ ਸੁਪਰੀਮੋ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਸੁਝਾਇਆ ਗਿਆ ਤੇ ਟਰਮ ‘ੲਿੰਡੀਆ’ ਦੇ ਪੂਰੇ ਨਾਮ ਨੂੰ ਲੈ ਕੇ ਵਿਸਥਾਰਿਤ ਵਿਚਾਰ ਚਰਚਾ ਹੋਈ ਹੈ। ਖੜਗੇ ਨੇ ਕਿਹਾ ਕਿ ‘ਸਾਡੇ ਵਿਚਾਲੇ ਕੁਝ ਵੱਖਰੇਵੇਂ ਹਨ, ਪਰ ਅਸੀਂ ਇਨ੍ਹਾਂ ਨੂੰ ਪਿੱਛੇ ਛੱਡ ਆਏ ਹਾਂ...ਅਸੀਂ ਦੇਸ਼ ਹਿੱਤ ਵਿੱਚ ਇਕਜੁੱਟ ਹੋਏ ਹਾਂ...ਅਸੀਂ 2024 ਲੋਕ ਸਭਾ ਚੋਣਾਂ ਮਿਲ ਕੇ ਲੜਾਂਗੇ।’’ ਖੜਗੇ ਨੇ ਮੋਦੀ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਹ ਹੁਣ ਉਨ੍ਹਾਂ ਪਾਰਟੀਆਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਦੂਜੀਆਂ ਪਾਰਟੀਆਂ ’ਚੋਂ ਨਿਕਲੀਆਂ ਹਨ ਤੇ ਇਹ ਦਰਸਾਉਂਦਾ ਹੈ ਕਿ ‘‘ਉਹ ਵਿਰੋਧੀ ਪਾਰਟੀਆਂ ਤੋਂ ਡਰਦੇ ਹਨ।’’ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਸ਼ਰਦ ਪਵਾਰ ਸਣੇ ਹੋਰ ਕਈ ਆਗੂ ਮੌਜੂਦ ਸਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਹਾਲਾਂਕਿ ਪ੍ਰੈੈੱਸ ਕਾਨਫਰੰਸ ਤੋਂ ਪਹਿਲਾਂ ਹੀ ਚਲੇ ਗਏ ਕਿਉਂਕਿ ਉਨ੍ਹਾਂ ਜਹਾਜ਼ ਦੀ ਉਡਾਣ ਫੜਨੀ ਸੀ। ਮੀਟਿੰਗ ਵਿੱਚ ਸ਼ਾਮਲ 26 ਵਿਰੋਧੀ ਪਾਰਟੀਆਂ ਵਿੱਚ ਕਾਂਗਰਸ, ਟੀਐੱਮਸੀ, ਡੀਐੱਮਕੇ, ‘ਆਪ’, ਜੇਡੀਯੂ, ਆਰਜੇਡੀ, ਜੇਐੱਮਐੱਮ, ਐੱਨਸੀਪੀ (ਸ਼ਰਦ ਪਵਾਰ), ਸ਼ਿਵ ਸੈਨਾ (ਯੂਬੀਟੀ), ਸਪਾ, ਨੈਸ਼ਨਲ ਕਾਨਫਰੰਸ, ਪੀਡੀਪੀ, ਸੀਪੀਐੱਮ, ਸੀਪੀਆਈ, ਆਰਐੱਲਡੀ, ਐੱਮਡੀਐੱਮਕੇ, ਕੇਐੱਮਡੀਕੇ, ਵੀਸੀਕੇ, ਆਰਐੱਸਪੀ, ਸੀਪੀਆਈ-ਐੱਮਐੱਲ(ਲਬਿਰੇਸ਼ਨ), ਫਾਰਵਰਡ ਬਲਾਕ, ਆਈਯੂਐੱਮਐੱਲ, ਕੇਰਲਾ ਕਾਂਗਰਸ (ਜੋਸੇਫ), ਕੇਰਲਾ ਕਾਂਗਰਸ (ਮਣੀ), ਅਪਨਾ ਦਲ (ਕਾਮੇਰਾਵਾੜੀ) ਤੇ ਐੱਮਐੱਮਕੇ ਹਨ। ਇਨ੍ਹਾਂ 26 ਪਾਰਟੀਆਂ ਦੀਆਂ ਲੋਕ ਸਭਾ ਵਿੱਚ ਲਗਪਗ 150 ਸੀਟਾਂ ਹਨ। ਮੀਟਿੰਗ ਵਿੱਚ ਕਾਂਗਰਸ ਆਗੂ ਸੋਨੀਆ ਗਾਂਧੀ, ਤਾਮਿਲ ਨਾਡੂ ਤੇ ਝਾਰਖੰਡ ਦੇ ਮੁੱਖ ਮੰਤਰੀ, ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਕਈ ਪਾਰਟੀਆਂ ਦੇ ਆਗੂ ਹਾਜ਼ਰ ਸਨ। -ਪੀਟੀਆਈ

Advertisement

ਫਿਕਰ ਨਾ ਕਰੇਂ, ਹਮ ਹੈਂ: ਊਧਵ

ਬੰਗਲੂਰੂ ਵਿੱਚ ਵਿਰੋਧੀ ਧਿਰਾਂ ਦੀ ਮੀਟਿੰਗ ਮਗਰੋਂ ਸ਼ਿਵ ਸੈਨਾ (ਯੂਬੀਟੀ) ਪ੍ਰਧਾਨ ਊਧਵ ਠਾਕਰੇ ਅਤੇ ਉਨ੍ਹਾਂ ਦੇ ਪੁੱਤਰ ਆਦਿੱਤਿਆ ਠਾਕਰੇ ਨੂੰ ਮਿਲਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ। -ਫੋਟੋਆਂ: ਪੀਟੀਆਈ

ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਕੁਝ ਲੋਕ ਕਹਿੰਦੇ ਹਨ ‘ਅਸੀਂ ਆਪਣੇ ਪਰਿਵਾਰ ਲਈ ਲੜ ਰਹੇ ਹਾਂ’, ਅਜਿਹੇ ਲੋਕਾਂ ਨੂੰ ਪਤਾ ਹੋਣਾ ਚਾਹੀਦੈ ਕਿ ‘‘ਇਹ ਦੇਸ਼ ਸਾਡਾ ਪਰਿਵਾਰ ਹੈ ਤੇ ਅਸੀਂ ਆਪਣੇ ਦੇਸ਼ ਲਈ ਲੜ ਰਹੇ ਹਾਂ।’’ਠਾਕਰੇ ਨੇ ਕਿਹਾ, ‘‘ਲੋਕ ਡਰ ਮਹਿਸੂਸ ਕਰ ਰਹੇ ਹਨ ਕਿ ਅੱਗੇ ਕੀ ਹੋਵੇਗਾ, ਅਸੀਂ ਉਨ੍ਹਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਕ ਫਿਲਮ ਸੀ ‘ਮੈਂ ਹੂੰ ਨਾ’, ਲਿਹਾਜ਼ਾ ਉਹ ਫਿਕਰ ਨਾ ਕਰਨ, ‘ਹਮ ਹੈਂ ਨਾ’।’’

ਮੀਟਿੰਗ ’ਚ ਹਿੱਸਾ ਲੈਣ ਲਈ ਪਹੁੰਚਦੇ ਹੋਏ ਲਾਲੂ ਪ੍ਰਸਾਦ ਯਾਦਵ ਅਤੇ ਮਨੋਜ ਝਾਅ।

ਜਾਤੀ ਅਧਾਰਿਤ ਜਨਗਣਨਾ ਲਾਗੂ ਕਰਨ ਦੀ ਮੰਗ

ਮੀਟਿੰਗ ਉਪਰੰਤ ਜਾਰੀ ‘ਸਮੂਹਿਕ ਸੰਕਲਪ’ (ਸਾਂਝੇ ਮਤੇ) ਵਿੱਚ ਵਿਰੋਧੀ ਪਾਰਟੀਆਂ ਨੇ ਜਾਤੀ ਅਧਾਰਿਤ ਜਨਗਣਨਾ ਲਾਗੂ ਕਰਨ ਦੀ ਮੰਗ ਕੀਤੀ। ਵਿਰੋਧੀ ਧਿਰਾਂ ਨੇ ਜ਼ੋਰ ਕੇ ਆਖਿਆ ਕਿ ਉਹ ‘ਘੱਟਗਿਣਤੀਆਂ ਖਿਲਾਫ਼ ਪੈਦਾ ਕੀਤੀ ਜਾ ਰਹੀ ਨਫ਼ਰਤ ਤੇ ਹਿੰਸਾ’ ਨੂੰ ਭਾਂਜ ਦੇਣ ਅਤੇ ‘ਮਹਿਲਾਵਾਂ, ਦਲਿਤਾਂ, ਕਬਾਇਲੀਆਂ ਤੇ ਕਸ਼ਮੀਰੀ ਪੰਡਿਤਾਂ ਖਿਲਾਫ਼ ਵਧਦੇ ਅਪਰਾਧਾਂ ਖਿਲਾਫ਼ ਇਕੱਠੀਆਂ ਹੋਈਆਂ ਹਨ। ਉਨ੍ਹਾਂ ਮਨੀਪੁਰ ਨੂੰ ‘ਤਬਾਹ’ ਕਰਨ ਵਾਲੀ ‘ਮਨੁੱਖੀ ਤ੍ਰਾਸਦੀ’ ਉੱਤੇ ਵੀ ਵੱਡੀ ਫ਼ਿਕਰ ਜ਼ਾਹਿਰ ਕੀਤੀ। ਵਿਰੋਧੀ ਧਿਰਾਂ ਨੇ ਮਤੇ ਵਿੱਚ ਕਿਹਾ, ‘‘ਸਾਡੇ ਰਾਜ ਪ੍ਰਬੰਧ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਲਈ ਗਿਣਮਿੱਥ ਕੇ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗੈਰ-ਭਾਜਪਾ ਸ਼ਾਸਿਤ ਰਾਜਾਂ ਵਿੱਚ ਰਾਜਪਾਲਾਂ ਤੇ ਉਪ ਰਾਜਪਾਲਾਂ ਦੀ ਭੂਮਿਕਾ ਸਾਰੇ ਸੰਵਿਧਾਨਕ ਨੇਮਾਂ ਨੂੰ ਉਲੰਘ ਗਈ ਹੈ।’’ ਵਿਰੋਧੀ ਧਿਰਾਂ ਨੇ ਕਿਹਾ ਕਿ ਜਮਹੂਰੀਅਤ ਨੂੰ ਕਮਜ਼ੋਰ ਕਰਨ ਲਈ ਭਾਜਪਾ ਸਰਕਾਰ ਸਿਆਸੀ ਵਿਰੋਧੀਆਂ ਖਿਲਾਫ਼ ਏਜੰਸੀਆਂ ਦੀ ‘ਬੜੀ ਬੇਸ਼ਰਮੀ ਨਾਲ ਦੁਰਵਰਤੋਂ’ ਕਰ ਰਹੀ ਹੈ।

ਲੜਾਈ ਭਾਜਪਾ ਦੀ ਵਿਚਾਰਧਾਰਾ ਤੇ ਸੋਚ ਖ਼ਿਲਾਫ਼: ਰਾਹੁਲ

ਮੀਟਿੰਗ ’ਚ ਹਾਜ਼ਰ ਸ਼ਰਦ ਪਵਾਰ ਨੂੰ ਪਾਣੀ ਦਾ ਗਿਲਾਸ ਿਦੰਦੇ ਹੋਏ ਰਾਹੁਲ ਗਾਂਧੀ

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹੋਰਨਾਂ ਆਗੂਆਂ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਇਕ ਕਾਰਜ ਯੋਜਨਾ ਤਿਆਰ ਕਰਨ ਦਾ ਫੈਸਲਾ ਕੀਤਾ ਹੈ, ਜਿੱਥੇ ਉਹ ਆਪਣੀ ਵਿਚਾਰਧਾਰਾ ਤੇ ਪ੍ਰੋਗਰਾਮਾਂ ਬਾਰੇ ਗੱਲ ਕਰਨਗੇ। ਗਾਂਧੀ ਨੇ ਕਿਹਾ, ‘‘ਇਹ ਲੜਾਈ ਭਾਜਪਾ ਦੀ ਵਿਚਾਰਧਾਰਾ ਤੇ ਉਨ੍ਹਾਂ ਦੀ ਸੋਚ ਖਿਲਾਫ਼ ਹੈ, ਉਹ ਦੇਸ਼ ’ਤੇ ਹਮਲਾ ਕਰ ਰਹੇ ਹਨ, ਲੋੜੋਂ ਵੱਧ ਬੇਰੁਜ਼ਗਾਰੀ ਹੈ, ਅਤੇ ਕਰੋੜਾਂ ਲੋਕਾਂ ਤੋਂ ਦੇਸ਼ ਦੀ ਦੌਲਤ ਖੋਹ ਕੇ ਭਾਜਪਾ ਤੇ ਪ੍ਰਧਾਨ ਮੰਤਰੀ ਦੇ ਕੁਝ ਦੋਸਤਾਂ ਨੂੰ ਦਿੱਤੀ ਜਾ ਰਹੀ ਹੈ।’’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਅਸੀਂ ਸੰਵਿਧਾਨ, ਭਾਰਤੀਆਂ ਦੀ ਆਵਾਜ਼ ਤੇ ਭਾਰਤ ਦੀ ਵਿਚਾਰਧਾਰਾ ਨੂੰ ਬਚਾਅ ਰਹੇ ਹਾਂ....ਇਹ ਲੜਾਈ ਇੰਡੀਆ ਬਨਾਮ ਭਾਜਪਾ ਹੈ, ਇਹ ਲੜਾਈ ਇੰਡੀਆ ਬਨਾਮ ਨਰਿੰਦਰ ਮੋਦੀ ਹੈ।’’

ਕੋਈ ਵਿਕਾਸ ਨਹੀਂ ਹੋਇਆ: ਕੇਜਰੀਵਾਲ

ਵਿਰੋਧੀ ਧਿਰਾਂ ਦੀ ਮੀਿਟੰਗ ’ਚ ਪੁੱਜੇ ਿਦੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਘਵ ਚੱਢਾ ਦਾ ਸਵਾਗਤ ਕਰਦੇ ਹੋਏ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ।

ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਛਲੇ ਨੌਂ ਸਾਲਾਂ ਵਿਚ ਦੇਸ਼ ਲਈ ਬਹੁਤ ਕੁਝ ਕਰਨ ਦਾ ਮੌਕਾ ਮਿਲਿਆ, ਪਰ ਕਿਸੇ ਵੀ ਖੇਤਰ ਵਿੱਚ ਕੋਈ ਵਿਕਾਸ ਨਹੀਂ ਹੋਇਆ।

ਕੀ ਤੁਸੀਂ ਇੰਡੀਆ ਨੂੰ ਚੁਣੌਤੀ ਦੇ ਸਕਦੇ ਹੋ?

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਾਰੇ ਆਗੂਆਂ ਦੀ ਹਾਜ਼ਰੀ ਵਿਚ ਰਾਹੁਲ ਗਾਂਧੀ ਨੂੰ ‘ਸਾਡਾ ਫੇਵਰਿਟ’ (ਮਨਪਸੰਦ) ਕਿਹਾ। ਗੱਠਜੋੜ ਦੇ ਨਵੇਂ ਨਾਂ ‘ਇੰਡੀਆ’ ਦੇ ਹਵਾਲੇ ਨਾਲ ਬੈਨਰਜੀ ਨੇ ਕਿਹਾ, ‘‘ਭਾਜਪਾ, ਕੀ ਤੁਸੀਂ ਇੰਡੀਆ ਨੂੰ ਚੁਣੌਤੀ ਦੇ ਸਕਦੇ ਹੋ? ਅਸੀਂ ਆਪਣੀ ਧਰਤੀ ਮਾਂ ਨੂੰ ਪਿਆਰ ਕਰਦੇ ਹਾਂ, ਅਸੀਂ ਮੁਲਕ ਦੇ ਦੇਸ਼ ਭਗਤ ਲੋਕ ਹਾਂ, ਅਸੀਂ ਕਿਸਾਨਾਂ, ਦਲਿਤਾਂ ਲਈ ਹਾਂ, ਅਸੀਂ ਦੇਸ਼ ਲਈ ਹਾਂ, ਵਿਸ਼ਵ ਲਈ ਹਾਂ।’’ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਨਿਜ਼ਾਮ ਨੂੰ ਅੱਜ ਸਰਕਾਰਾਂ ਵੇਚਣ ਤੇ ਖਰੀਦਣ ਦਾ ਇਕੋ ਕੰਮ ਹੈ।’’ ਬੈਨਰਜੀ ਨੇ ਕਿਹਾ, ‘‘ਇੰਡੀਆ ਜਿੱਤੇਗਾ, ਸਾਡਾ ਦੇਸ਼ ਜਿੱਤੇਗਾ ਤੇ ਭਾਜਪਾ ਹਾਰੇਗੀ।’’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਗੱਠਜੋੜ ਨੇ ਸੱਤਾਧਾਰੀ ਗੱਠਜੋੜ ’ਤੇ ਧਾਰਾ 420 ਆਇਦ ਕੀਤੀ ਹੈ।

Advertisement
Tags :
ਐੱਨਡੀਏਇੰਡੀਆਚੁਣੌਤੀਡਟਿਆ
Advertisement