India, Sri Lanka ink major defence pact: ਭਾਰਤ-ਸ੍ਰੀਲੰਕਾ ਵੱਲੋਂ ਅਹਿਮ ਰੱਖਿਆ ਸਮਝੌਤੇ ’ਤੇ ਦਸਤਖ਼ਤ
ਕੋਲੰਬੋ, 5 ਅਪਰੈਲ
ਭਾਰਤ ਅਤੇ ਸ੍ਰੀਲੰਕਾ ਨੇ ਪਹਿਲੀ ਵਾਰ ਫੌਜੀ ਖੇਤਰ ’ਚ ਡੂੰਘੇ ਸਹਿਯੋਗ ਲਈ ਢਾਂਚਾ ਤਿਆਰ ਕਰਨ ਵਾਸਤੇ ਅੱਜ ਅਹਿਮ ਰੱਖਿਆ ਸਮਝੌਤੇ ਸਣੇ ਸੱਤ ਸਮਝੌਤਿਆ ’ਤੇ ਦਸਤਖ਼ਤ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋਵੇਂ ਮੁਲਕਾਂ ਦੀ ਸੁਰੱਖਿਆ ਇਕ-ਦੂਜੇ ਨਾਲ ਜੁੜੀ ਹੋਈ ਹੈ ਅਤੇ ਇਕ-ਦੂਜੇ ’ਤੇ ਨਿਰਭਰ ਹੈ। ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ President Anura Kumara Dissanayake ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ Prime Minister Narendra Modi ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਮੁਲਕ ਦੀ ਧਰਤੀ ਭਾਰਤ ਦੇ ਸੁਰੱਖਿਆ ਹਿੱਤਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਨਾਲ ਵਰਤਣ ਦੀ ਇਜਾਜ਼ਤ ਨਹੀਂ ਦੇਣਗੇ।
ਦੋਵੇਂ ਆਗੂਆਂ ਵਿਚਕਾਰ ਵਾਰਤਾ ਮਗਰੋਂ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਸੱਤ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ। ਇਨ੍ਹਾਂ ’ਚੋਂ ਇਕ ਤ੍ਰਿਨਕੋਮਾਲੀ/Trincomalee ਨੂੰ ਊਰਜਾ ਕੇਂਦਰ ਅਤੇ ਦੂਜਾ ਊਰਜਾ ਗਰਿੱਡ ਸੰਪਰਕ ਵਜੋਂ ਵਿਕਸਤ ਕਰਨਾ ਸ਼ਾਮਲ ਹੈ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਦੋਵੇਂ ਮੁਲਕਾਂ ਵਿਚਕਾਰ ਮਛੇਰਿਆਂ ਦਾ ਮਸਲਾ ‘ਮਨੁੱਖਤਾ ਦੇ ਪਹਿਲੂ’ ਨਾਲ ਹੱਲ ਕਰਨ ਦੀ ਵਕਾਲਤ ਕੀਤੀ ਅਤੇ ਆਸ ਜਤਾਈ ਕਿ ਕੋਲੰਬੋ ਤਾਮਿਲ ਲੋਕਾਂ ਦੀਆਂ ਖਾਹਿਸ਼ਾਂ ਪੂਰੀਆਂ ਕਰਕੇ ਸੂਬਾਈ ਪਰਿਸ਼ਦ ਚੋਣਾਂ ਕਰਵਾਏਗਾ। ਇਕ ਹੋਰ ਅਹਿਮ ਕਦਮ ਤਹਿਤ ਭਾਰਤ ਨੇ ਕੋਲੰਬੋ ਲਈ ਆਰਥਿਕ ਸਹਾਇਤਾ ਦੇ ਇਕ ਹਿੱਸੇ ਵਜੋਂ ਕਰਜ਼ਾ ਪੁਨਰਗਠਨ ਸਮਝੌਤਿਆਂ ’ਤੇ ਵੀ ਮੋਹਰ ਲਾਈ ਅਤੇ ਕਰਜ਼ਿਆਂ ’ਤੇ ਵਿਆਜ ਦਰਾਂ ਘੱਟ ਕਰਨ ਦਾ ਫ਼ੈਸਲਾ ਲਿਆ। ਮੋਦੀ ਨੇ ਦੁਹਰਾਇਆ ਕਿ ਸ੍ਰੀਲੰਕਾ ਦੇ ਲੋਕਾਂ ਨਾਲ ਭਾਰਤ ਡਟ ਕੇ ਖੜ੍ਹਾ ਹੈ। ਮੋਦੀ ਨੇ ਐਲਾਨ ਕੀਤਾ ਕਿ ਸ੍ਰੀਲੰਕਾ ਦੇ ਪੂਰਬੀ ਪ੍ਰਾਂਤਾਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਕਰੀਬ 2.4 ਅਰਬ ਲੰਕਨ ਰੁਪਏ ਦਾ ਪੈਕੇਜ ਦਿੱਤਾ ਜਾਵੇਗਾ। -ਪੀਟੀਆਈ