For the best experience, open
https://m.punjabitribuneonline.com
on your mobile browser.
Advertisement

ਭਾਰਤ ਨੇ ਪੰਨੂ ਦੀ ਹਵਾਲਗੀ ਲਈ ਅਮਰੀਕਾ ਤੋਂ ਮਦਦ ਮੰਗੀ

07:24 AM Dec 08, 2023 IST
ਭਾਰਤ ਨੇ ਪੰਨੂ ਦੀ ਹਵਾਲਗੀ ਲਈ ਅਮਰੀਕਾ ਤੋਂ ਮਦਦ ਮੰਗੀ
ਿਵਦੇਸ਼ ਮੰਤਰੀ ਐੱਸ. ਜੈਸ਼ੰਕਰ ਰਾਜ ਸਭਾ ’ਚ ਬੋਲਦੇ ਹੋਏ। -ਫੋਟੋ: ਪੀਟੀਆਈ
Advertisement

ਸੰਦੀਪ ਦੀਕਸ਼ਿਤ
ਨਵੀਂ ਦਿੱਲੀ, 7 ਦਸੰਬਰ
ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸਰਕਾਰ ਨੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹਵਾਲਗੀ ਲਈ ਅਮਰੀਕਾ ਤੋਂ ਸਹਾਇਤਾ ਮੰਗੀ ਹੈ। ਸਰਕਾਰ ਨੇ ਪੰਨੂ ਵੱਲੋਂ ਸੰਸਦ ’ਤੇ ਹਮਲਾ ਕਰਨ ਦੀਆਂ ਧਮਕੀਆਂ ਦੇ ਨਾਲ-ਨਾਲ ਵਿਦੇਸ਼ ’ਚ ਲੋਕਾਂ ਨੂੰ ਏਅਰ ਇੰਡੀਆ ਦੀਆਂ ਉਡਾਣਾਂ ’ਤੇ ਚੜ੍ਹਨ ਤੋਂ ਰੋਕਣ ਦੀਆਂ ਅਪੀਲਾਂ ਕਰਨ ਲਈ ਅਮਰੀਕਾ ਅਤੇ ਕੈਨੇਡਾ ਕੋਲ ਆਪਣੀ ਫਿਕਰਮੰਦੀ ਜਤਾਈ ਹੈ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਭਾਰਤ ਨੇ ਅਮਰੀਕਾ ਤੋਂ ਪੰਨੂ ਨੂੰ ਗ੍ਰਿਫ਼ਤਾਰ ਕਰਨ ਅਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ ਤਾਂ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ,‘‘ਕਾਨੂੰਨ ਦੀ ਉਲੰਘਣਾ ਕਰਨ ਲਈ ਪੰਨੂ ਸਾਡੀਆਂ ਏਜੰਸੀਆਂ ਨੂੰ ਲੋੜੀਂਦਾ ਹੈ। ਇੱਕ ਪ੍ਰਕਿਰਿਆ ਹੈ ਜਿਸ ਦੁਆਰਾ ਅਸੀਂ ਸਹਾਇਤਾ ਦੀ ਮੰਗ ਕਰਦੇ ਹਾਂ। ਭਾਰਤ ’ਚ ਕੀਤੇ ਗਏ ਅਪਰਾਧਾਂ ਲਈ ਉਸ ਦੀ ਜ਼ਿੰਮੇਵਾਰੀ ਤੈਅ ਕਰਦਿਆਂ ਪੰਨੂ ਦੀ ਹਵਾਲਗੀ ਲਈ ਬੇਨਤੀਆਂ ਕੀਤੀਆਂ ਗਈਆਂ ਹਨ।’’ ਪੰਨੂ ’ਤੇ ਪੰਜਾਬ ’ਚ ਦੇਸ਼ਧ੍ਰੋਹ, ਦੰਗੇ ਭੜਕਾਉਣ ਅਤੇ ਦਹਿਸ਼ਤ ਫੈਲਾਉਣ ਦੇ ਦੋ ਦਰਜਨ ਮਾਮਲੇ ਦਰਜ ਹਨ। ਹਾਲਾਂਕਿ, ਇੰਟਰਪੋਲ ਨੇ ਪੰਨੂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਭਾਰਤ ਦੀ ਬੇਨਤੀ ਨੂੰ ਦੋ ਵਾਰ ਨਕਾਰ ਦਿੱਤਾ ਹੈ। ਪੰਨੂ ਵੱਲੋਂ ਸੰਸਦ ’ਤੇ ਹਮਲੇ ਦੀ ਤਾਜ਼ਾ ਧਮਕੀ ਬਾਰੇ ਤਰਜਮਾਨ ਨੇ ਕਿਹਾ ਕਿ ਉਹ ਪ੍ਰਸੰਗ ਦੇ ਆਧਾਰ ’ਤੇ ਧਮਕੀਆਂ ਨੂੰ ਗੰਭੀਰਤਾ ਨਾਲ ਲੈਂਦੇ ਹਨ। ‘ਸੰਸਦ ’ਤੇ ਹਮਲੇ ਦੀ ਧਮਕੀ ਦੇ ਮਾਮਲੇ ਵਿੱਚ ਅਸੀਂ ਅਜਿਹੇ ਕੱਟੜਪੰਥੀਆਂ ਨੂੰ ਤਵੱਜੋ ਨਹੀਂ ਦੇਣਾ ਚਾਹੁੰਦੇ ਹਾਂ ਜੋ ਸਿਰਫ਼ ਸੁਰਖੀਆਂ ਲੈਣ ਲਈ ਅਜਿਹੀਆਂ ਧਮਕੀਆਂ ਦਿੰਦੇ ਹਨ। ਅਸੀਂ ਇਹ ਮਾਮਲਾ ਅਮਰੀਕਾ ਅਤੇ ਕੈਨੇਡੀਅਨ ਅਧਿਕਾਰੀਆਂ ਕੋਲ ਉਠਾਇਆ ਹੈ।’ ਬਾਗਚੀ ਨੇ ਕਿਹਾ ਕਿ ਐੱਫਬੀਆਈ ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਦੀ ਅਗਲੇ ਹਫ਼ਤੇ ਭਾਰਤ ਫੇਰੀ ਪਹਿਲਾਂ ਤੋਂ ਤੈਅ ਸੀ।

Advertisement

ਅਮਰੀਕਾ ਵੱਲੋਂ ਦਿੱਤੀ ਜਾਣਕਾਰੀ ਮਗਰੋਂ ਜਾਂਚ ਕਮੇਟੀ ਬਣਾਈ: ਜੈਸ਼ੰਕਰ

ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਕਰਨ ਸਬੰਧੀ ਸਾਜ਼ਿਸ਼ ਦੀ ਅਮਰੀਕਾ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਭਾਰਤ ਨੇ ਜਾਂਚ ਕਮੇਟੀ ਬਣਾਈ ਹੈ। ਉਨ੍ਹਾਂ ਅੱਜ ਰਾਜ ਸਭਾ ’ਚ ਦੱਸਿਆ ਕਿ ਇਸ ਜਾਣਕਾਰੀ ਦਾ ਦੇਸ਼ ਦੀ ਸੁਰੱਖਿਆ ’ਤੇ ਅਸਰ ਪੈ ਸਕਦਾ ਹੈ। ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਪੰਨੂ ਨੂੰ ਉਨ੍ਹਾਂ ਦੀ ਸਰਜ਼ਮੀਨ ’ਤੇ ਮਾਰਨ ਲਈ ਭਾਰਤ ਦੀ ਸ਼ਮੂਲੀਅਤ ਸਾਹਮਣੇ ਆਈ ਸੀ ਜਿਸ ਨੂੰ ਨਾਕਾਮ ਕਰ ਦਿੱਤਾ ਗਿਆ। ਅਮਰੀਕੀ ਦੋਸ਼ਾਂ ਬਾਰੇ ਪੂਰਕ ਸਵਾਲ ਦਾ ਜਵਾਬ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਦੇ ਵਿਦੇਸ਼ ਦੌਰਿਆਂ ਸਬੰਧੀ ਮੂਲ ਸਵਾਲ ਨਾਲ ਸਿੱਧੇ ਤੌਰ ’ਤੇ ਇਹ ਸਬੰਧਤ ਨਹੀਂ ਹੈ। ਉਨ੍ਹਾਂ ਕਿਹਾ,‘‘ਜਿਥੋਂ ਤੱਕ ਅਮਰੀਕਾ ਦਾ ਸਬੰਧ ਹੈ ਤਾਂ ਦੋਵੇਂ ਮੁਲਕਾਂ ਵਿਚਕਾਰ ਸੁਰੱਖਿਆ ਸਹਿਯੋਗ ਕਾਰਨ ਸਾਨੂੰ ਖਾਸ ਜਾਣਕਾਰੀ ਦਿੱਤੀ ਗਈ ਸੀ। ਇਹ ਜਾਣਕਾਰੀ ਸਾਡੇ ਲਈ ਚਿੰਤਾ ਦਾ ਵਿਸ਼ਾ ਸੀ ਕਿਉਂਕਿ ਉਹ ਸੰਗਠਤ ਅਪਰਾਧ, ਤਸਕਰੀ ਅਤੇ ਹੋਰ ਮਾਮਲਿਆਂ ਨਾਲ ਸਬੰਧਤ ਸੀ। ਇਨ੍ਹਾਂ ਦਾ ਸਾਡੀ ਆਪਣੀ ਕੌਮੀ ਸੁਰੱਖਿਆ ’ਤੇ ਅਸਰ ਪੈ ਸਕਦਾ ਹੈ ਜਿਸ ਮਗਰੋਂ ਮਾਮਲੇ ਦੀ ਜਾਂਚ ਕਰਾਉਣ ਦਾ ਫ਼ੈਸਲਾ ਲਿਆ ਗਿਆ ਅਤੇ ਜਾਂਚ ਕਮੇਟੀ ਬਣਾਈ ਗਈ ਹੈ।’’ ਮੰਤਰੀ ਤੋਂ ਇਹ ਵੀ ਸਵਾਲ ਪੁੱਛਿਆ ਗਿਆ ਕਿ ਕੈਨੇਡਾ ਸਰਕਾਰ ਵਲੋਂ ਖਾੜਕੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਲਾਏ ਗਏ ਦੋਸ਼ਾਂ ਮਗਰੋਂ ਉਨ੍ਹਾਂ ਨਾਲ ਕੈਨੇਡਾ ਵਰਗਾ ਵਤੀਰਾ ਕਿਉਂ ਨਹੀਂ ਅਪਣਾਇਆ ਗਿਆ। ਇਸ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜਿਥੋਂ ਤੱਕ ਕੈਨੇਡਾ ਦਾ ਸਬੰਧ ਹੈ ਤਾਂ ਉਨ੍ਹਾਂ ਸਾਨੂੰ ਕੋਈ ਵੀ ਪੁਖ਼ਤਾ ਸਬੂਤ ਜਾਂ ਜਾਣਕਾਰੀ ਨਹੀਂ ਦਿੱਤੀ। ‘ਇਕ ਮੁਲਕ ਨੇ ਸਾਨੂੰ ਜਾਣਕਾਰੀ ਮੁਹੱਈਆ ਕਰਵਾਈ ਜਦਕਿ ਦੂਜੇ ਨੇ ਕੋਈ ਸਬੂਤ ਸਾਂਝਾ ਨਹੀਂ ਕੀਤਾ ਤਾਂ ਫਿਰ ਇਕ ਸਮਾਨ ਵਤੀਰੇ ਦਾ ਸਵਾਲ ਨਹੀਂ ਉੱਠਦਾ ਹੈ।’ ਅਮਰੀਕਾ ਨੇ ਪਿਛਲੇ ਮਹੀਨੇ ਭਾਰਤ ਸਰਕਾਰ ਦੇ ਮੁਲਾਜ਼ਮ ਨਿਖਿਲ ਗੁਪਤਾ ਨੂੰ ਗ੍ਰਿਫ਼ਤਾਰ ਕਰਕੇ ਦੋਸ਼ ਲਾਏ ਸਨ ਕਿ ਉਸ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਘੜੀ ਸੀ ਜਿਸ ਨੂੰ ਨਾਕਾਮ ਬਣਾ ਦਿੱਤਾ ਗਿਆ। ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਦੋਸ਼ ਲਾਇਆ ਸੀ ਕਿ ਖਾਲਿਸਤਾਨੀ ਵੱਖਵਾਦੀ ਨਿੱਝਰ ਦੀ 18 ਜੂਨ ਨੂੰ ਹੋਈ ਹੱਤਿਆ ’ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਜਿਸ ਨੂੰ ਭਾਰਤ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਸੀ। -ਪੀਟੀਆਈ

Advertisement

ਐੱਫਬੀਆਈ ਡਾਇਰੈਕਟਰ ਦਾ ਭਾਰਤ ਦੌਰਾ ਅਗਲੇ ਹਫ਼ਤੇ

ਨਵੀਂ ਦਿੱਲੀ: ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਅਗਲੇ ਹਫ਼ਤੇ ਭਾਰਤ ਆਉਣਗੇ। ਉਨ੍ਹਾਂ ਦਾ ਭਾਰਤ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਅਮਰੀਕਾ ਨੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੂੰ ਆਪਣੀ ਸਰਜ਼ਮੀਨ ’ਤੇ ਮਾਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਦੋਸ਼ ਲਾਇਆ ਹੈ ਕਿ ਇਸ ’ਚ ਭਾਰਤ ਨਾਲ ਜੁੜੇ ਏਜੰਟਾਂ ਦਾ ਵੀ ਹੱਥ ਸੀ। ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਦਿੱਲੀ ਵਿੱਚ ਇਕ ਸਮਾਗਮ ਦੌਰਾਨ ਕ੍ਰਿਸਟੋਫਰ ਰੇਅ ਦੇ ਦੌਰੇ ਦੀ ਪੁਸ਼ਟੀ ਕੀਤੀ ਹੈ। ਰੇਅ ਵੱਲੋਂ ਭਾਰਤੀ ਸੁਰੱਖਿਆ ਏਜੰਸੀਆਂ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਅਮਰੀਕੀ ਪ੍ਰਿੰਸੀਪਲ ਡਿਪਟੀ ਐੱਨਐੱਸਏ ਜੋਨਾਥਨ ਫਾਈਨਰ ਨੇ ਇਸ ਹਫ਼ਤੇ ਭਾਰਤ ਦਾ ਦੌਰਾ ਕਰਕੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਐੱਨਐੱਸਏ ਅਜੀਤ ਡੋਵਾਲ, ਵਿਦੇਸ਼ ਸਕੱਤਰ ਵਿਨੈ ਕਵਾਤਰਾ ਅਤੇ ਡਿਪਟੀ ਐੱਨਐੱਸਏ ਵਿਕਰਮ ਮਿਸਰੀ ਨਾਲ ਮੁਲਾਕਾਤ ਕਰਕੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਲਈ ਜ਼ਿੰਮੇਵਾਰ ਭਾਰਤੀਆਂ ਨੂੰ ਜਵਾਬਦੇਹ ਠਹਿਰਾਉਣ ਦੀ ਮੰਗ ਕੀਤੀ ਸੀ। ਭਾਰਤ ਨੇ ਪਹਿਲਾਂ ਹੀ ਇਸ ਸਬੰਧੀ ਜਾਂਚ ਟੀਮ ਬਣਾ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਜਾਂਚ ਦੇ ਆਧਾਰ ’ਤੇ ਕਾਰਵਾਈ ਕਰਨਗੇ। -ਪੀਟੀਆਈ

Advertisement
Author Image

Advertisement