ਭਾਰਤ ਨੇ ਬੰਗਲਾਦੇਸ਼ ਸਰਕਾਰ ਦੇ ਸਹਿਯੋਗੀ ਦੀਆਂ ਟਿੱਪਣੀਆਂ ’ਤੇ ਰੋਸ ਜਤਾਇਆ
ਨਵੀਂ ਦਿੱਲੀ, 20 ਦਸੰਬਰ
ਭਾਰਤ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਅਹਿਮ ਸਹਿਯੋਗੀ ਮਹਿਫੂਜ਼ ਆਲਮ ਦੀਆਂ ਕੁਝ ਵਿਵਾਦਤ ਟਿੱਪਣੀਆਂ ਨੂੰ ਲੈ ਕੇ ਢਾਕਾ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਆਲਮ ਨੇ ਸੋਸ਼ਲ ਮੀਡੀਆ ਮੰਚ ਫੇਸਬੁੱਕ ’ਤੇ ਇੱਕ ਪੋਸਟ ’ਚ ਕਿਹਾ ਸੀ ਕਿ ਭਾਰਤ ਨੂੰ ਉਸ ਬਗਾਵਤ ਨੂੰ ਮਾਨਤਾ ਦੇਣੀ ਚਾਹੀਦੀ ਹੈ, ਜਿਸ ਨਾਲ ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘ਅਸੀਂ ਇਸ ਮੁੱਦੇ ’ਤੇ ਬੰਗਲਾਦੇਸ਼ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਸਾਨੂੰ ਪਤਾ ਲੱਗਾ ਹੈ ਕਿ ਜਿਸ ਪੋਸਟ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਕਥਿਤ ਤੌਰ ’ਤੇ ਹਟਾ ਦਿੱਤੀ ਗਈ ਹੈ।’ ਉਨ੍ਹਾਂ ਕਿਹਾ, ‘ਅਸੀਂ ਸਾਰੀਆਂ ਧਿਰਾਂ ਨੂੰ ਯਾਦ ਦਿਵਾਉਣਾ ਚਾਹਾਂਗੇ ਕਿ ਉਹ ਆਪਣੀਆਂ ਜਨਤਕ ਟਿੱਪਣੀਆਂ ਪ੍ਰਤੀ ਚੌਕਸ ਰਹਿਣ।’ ਉਨ੍ਹਾਂ ਕਿਹਾ, ‘ਭਾਰਤ ਨੇ ਬੰਗਲਾਦੇਸ਼ ਦੇ ਲੋਕਾਂ ਤੇ ਅੰਤਰਿਮ ਸਰਕਾਰ ਨਾਲ ਸਬੰਧਾਂ ਨੂੰ ਵਧਾਉਣ ’ਚ ਵਾਰ-ਵਾਰ ਦਿਲਚਸਪੀ ਦਿਖਾਈ ਹੈ। ਅਜਿਹੀਆਂ ਟਿੱਪਣੀਆਂ ਜਨਤਕ ਪ੍ਰਗਟਾਵੇ ਦੀ ਜ਼ਿੰਮੇਵਾਰੀ ਦੀ ਲੋੜ ਨੂੰ ਉਭਾਰਦੀਆਂ ਹਨ।’ -ਪੀਟੀਆਈ