‘ਇੰਡੀਆ’ ਵੱਲੋਂ ਸ਼ਾਹ ਦੀ ਅੰਬੇਡਕਰ ਖ਼ਿਲਾਫ਼ ਟਿੱਪਣੀ ਵਿਰੁੱਧ ਪ੍ਰਦਰਸ਼ਨ
ਨਵੀਂ ਦਿੱਲੀ, 18 ਦਸੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ‘ਇੰਡੀਆ’ ਗੱਠਜੋੜ ਦੇ ਹੋਰ ਸੰਸਦ ਮੈਂਬਰਾਂ ਨੇ ਅੱਜ ਸੰਸਦੀ ਕੰਪਲੈਕਸ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਡਾ. ਬੀਆਰ ਅੰਬੇਡਕਰ ਸਬੰਧੀ ਟਿੱਪਣੀਆਂ ਕਰਨ ਦੇ ਮੁੱਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੁਆਫੀ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ‘ਜੈ ਭੀਮ’, ‘ਸੰਘ ਕਾ ਵਿਧਾਨ ਨਹੀਂ ਚਲੇਗਾ’ ਅਤੇ ‘ਅਮਿਤ ਸ਼ਾਹ ਮੁਆਫੀ ਮਾਂਗੋ’ ਦੇ ਨਾਅਰੇ ਲਾਏ। ਪ੍ਰਦਰਸ਼ਨ ਵਿੱਚ ਕਾਂਗਰਸ, ਡੀਐੱਮਕੇ, ਆਰਜੇਡੀ, ‘ਆਪ’ ਅਤੇ ਖੱਬੇ ਪੱਖੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਹਿੱਸਾ ਲਿਆ।
ਕਾਂਗਰਸ ਨੇ ਦੋਸ਼ ਲਾਇਆ ਕਿ ਰਾਜ ਸਭਾ ਵਿੱਚ ਸੰਵਿਧਾਨ ਸਬੰਧੀ ਬਹਿਸ ਦੌਰਾਨ ਸ਼ਾਹ ਦੀ ਟਿੱਪਣੀ ਇਹ ਦਰਸਾਉਂਦੀ ਹੈ ਕਿ ਭਾਜਪਾ ਅਤੇ ਸੰਘ ਦੇ ਆਗੂਆਂ ਵਿੱਚ ਅੰਬੇਡਕਰ ਪ੍ਰਤੀ ‘ਬਹੁਤ ਜ਼ਿਆਦਾ ਨਫ਼ਰਤ’ ਭਰੀ ਹੋਈ ਹੈ ਅਤੇ ਉਨ੍ਹਾਂ ਨੂੰ ਇਸ ਸਬੰਧੀ ਮੁਆਫੀ ਮੰਗਣੀ ਚਾਹੀਦੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮਨੁਸਮ੍ਰਿਤੀ ਨੂੰ ਮੰਨਣ ਵਾਲੇ ਲੋਕਾਂ ਦਾ ਯਕੀਨੀ ਤੌਰ ’ਤੇ ਅੰਬੇਡਕਰ ਨਾਲ ਮਤਭੇਦ ਹੋਵੇਗਾ। ਕਾਂਗਰਸ ਪ੍ਰਧਾਨ ਖੜਗੇ ਨੇ ਵੀ ਸ਼ਾਹ ’ਤੇ ਵਰ੍ਹਦਿਆਂ ਕਿਹਾ ਸੀ ਕਿ ਗ੍ਰਹਿ ਮੰਤਰੀ ਵੱਲੋਂ ਬਾਬਾ ਸਾਹਿਬ ਦੇ ਕੀਤੇ ਗਏ ‘ਅਪਮਾਨ’ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਭਾਜਪਾ-ਆਰਐੱਸਐੱਸ ਆਗੂ ਤਿਰੰਗੇ ਦੇ ਵਿਰੁੱਧ ਸਨ। ਉਨ੍ਹਾਂ ਦੇ ਪੁਰਖਿਆਂ ਨੇ ਅਸ਼ੋਕ ਚੱਕਰ ਦਾ ਵਿਰੋਧ ਕੀਤਾ ਸੀ ਅਤੇ ਉਹ ਭਾਰਤ ਦੇ ਸੰਵਿਧਾਨ ਦੀ ਜਗ੍ਹਾ ਮਨੁਸਮ੍ਰਿਤੀ ਲਾਗੂ ਕਰਨਾ ਚਾਹੁੰਦੇ ਸਨ। -ਪੀਟੀਆਈ
ਟੀਐੱਮਸੀ, ਡੀਐੱਮਕੇ, ਆਰਜੇਡੀ ਅਤੇ ਹੋਰਾਂ ਵੱਲੋਂ ਸ਼ਾਹ ਦੇ ਬਿਆਨ ਦੀ ਨਿਖੇਧੀ
ਨਵੀਂ ਦਿੱਲੀ:
ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਬਾਰੇ ਬਿਆਨ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਦਿਆਂ ਵੱਖ ਵੱਖ ਵਿਰੋਧੀ ਧਿਰਾਂ ਨੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ, ਡੀਐੱਮਕੇ ਮੁਖੀ ਐੱਮਕੇ ਸਟਾਲਿਨ, ਆਰਜੇਡੀ ਆਗੂ ਤੇਜਸਵੀ ਯਾਦਵ ਅਤੇ ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਸਮੇਤ ਹੋਰ ਧਿਰਾਂ ਨੇ ਸ਼ਾਹ ਦੀ ਨਿਖੇਧੀ ਕੀਤੀ ਹੈ। ਮਮਤਾ ਨੇ ਕਿਹਾ ਕਿ ਸ਼ਾਹ ਦੇ ਬਿਆਨ ਨਾਲ ਭਾਜਪਾ ਦੀ ਜਾਤੀਗਤ ਅਤੇ ਦਲਿਤ ਵਿਰੋਧੀ ਮਾਨਸਿਕਤਾ ਸਭ ਦੇ ਸਾਹਮਣੇ ਆ ਗਈ ਹੈ। ਜੇ ਭਾਜਪਾ ਨੂੰ 400 ਸੀਟਾਂ ਮਿਲ ਜਾਂਦੀਆਂ ਤਾਂ ਉਨ੍ਹਾਂ ਡਾਕਟਰ ਅੰਬੇਡਕਰ ਦੇ ਯੋਗਦਾਨ ਨੂੰ ਖ਼ਤਮ ਕਰਕੇ ਇਤਿਹਾਸ ਮੁੜ ਤੋਂ ਲਿਖ ਦੇਣਾ ਸੀ। ਤ੍ਰਿਣਮੂਲ ਕਾਂਗਰਸ ਦੇ ਡੈਰੇਕ ਓ’ਬ੍ਰਾਇਨ ਨੇ ਰਾਜ ਸਭਾ ’ਚ ਅਮਿਤ ਸ਼ਾਹ ਖ਼ਿਲਾਫ਼ ਮਰਿਆਦਾ ਮਤਾ ਦਾ ਨੋਟਿਸ ਦਿੱਤਾ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਨੇ ਕਿਹਾ ਕਿ ਜਿਹੜੇ ਵਧੇਰੇ ਪਾਪ ਕਰਦੇ ਹਨ, ਉਨ੍ਹਾਂ ਨੂੰ ਪੁੰਨ ਬਾਰੇ ਫਿਕਰ ਕਰਨੀ ਚਾਹੀਦੀ ਹੈ। -ਪੀਟੀਆਈ