For the best experience, open
https://m.punjabitribuneonline.com
on your mobile browser.
Advertisement

ਭਾਰਤ-ਪਾਕਿ ਜਮੂਦ

06:15 AM Jun 12, 2024 IST
ਭਾਰਤ ਪਾਕਿ ਜਮੂਦ
Advertisement

ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਵਜੋਂ ਦੂਜੀ ਵਾਰ ਅਹੁਦਾ ਸੰਭਾਲਦਿਆਂ ਐੱਸ ਜੈਸ਼ੰਕਰ ਨੇ ਪਾਕਿਸਤਾਨ ਦੇ ਹਵਾਲੇ ਨਾਲ ਆਖਿਆ ਹੈ ਕਿ ਭਾਰਤ ਸਰਹੱਦ ਪਾਰ ਦਹਿਸ਼ਤਵਾਦ ਦਾ ਹੱਲ ਲੱਭਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ‘ਇਹ ਕੋਈ ਚੰਗੇ ਗੁਆਂਢੀ ਦੀ ਨੀਤੀ ਨਹੀਂ ਹੋ ਸਕਦੀ।’ ‘ਐਕਸ’ ਉੱਪਰ ਜੈਸ਼ੰਕਰ ਦਾ ਇਹ ਬਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਵੱਡੇ ਭਰਾ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੱਲੋਂ ਨਰਿੰਦਰ ਮੋਦੀ ਨੂੰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ’ਤੇ ਵਧਾਈ ਸੰਦੇਸ਼ ਦੇਣ ਤੋਂ ਬਾਅਦ ਆਇਆ ਹੈ। ਹਾਲਾਂਕਿ ਸ਼ਾਹਬਾਜ਼ ਸ਼ਰੀਫ਼ ਨੇ ਆਪਣੇ ਆਪ ਨੂੰ ਰਸਮੀ ਲਹਿਜ਼ੇ ਤੱਕ ਮਹਿਦੂਦ ਰੱਖਿਆ ਹੈ ਜਦੋਂਕਿ ਨਵਾਜ਼ ਸ਼ਰੀਫ਼ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਖੁੱਲ੍ਹਦਿਲੀ ਨਾਲ ਦੋਵਾਂ ਦੇਸ਼ਾਂ ਵਿਚਕਾਰ ਬਣੇ ਨਫ਼ਰਤ ਦੇ ਮਾਹੌਲ ਨੂੰ ਆਸ ਵਿੱਚ ਤਬਦੀਲ ਕਰਨ ਅਤੇ ਦੱਖਣੀ ਏਸ਼ੀਆ ਦੇ ਦੋ ਅਰਬ ਲੋਕਾਂ ਦੀ ਹੋਣੀ ਨੂੰ ਮੁੜ ਘੜਨ ਦੇ ਮੌਕੇ ਨੂੰ ਅਜਾਈਂ ਨਾ ਜਾਣ ਦੀ ਭਰਵੀਂ ਅਪੀਲ ਕੀਤੀ ਹੈ। ਮੋਦੀ ਨੇ ਵੀ ਸ਼ਾਹਬਾਜ਼ ਸ਼ਰੀਫ਼ ਦਾ ਸੀਮਤ ਜਿਹੇ ਸ਼ਬਦਾਂ ਵਿੱਚ ਸ਼ੁਕਰੀਆ ਅਦਾ ਕੀਤਾ ਅਤੇ ਨਵਾਜ਼ ਸ਼ਰੀਫ਼ ਨੂੰ ਚੇਤੇ ਕਰਾਇਆ ਹੈ ਕਿ ਭਾਰਤ ਦੇ ਲੋਕ ਹਮੇਸ਼ਾ ਅਮਨ, ਸੁਰੱਖਿਆ ਅਤੇ ਅਗਾਂਹਵਧੂ ਵਿਚਾਰਾਂ ਦੇ ਹੱਕ ਵਿੱਚ ਖੜ੍ਹਦੇ ਰਹੇ ਹਨ।
ਪੁਲਵਾਮਾ ਦੇ ਦਹਿਸ਼ਤੀ ਹਮਲੇ ਅਤੇ ਉਸ ਤੋਂ ਬਾਅਦ ਫਰਵਰੀ 2019 ਵਿੱਚ ਬਾਲਾਕੋਟ ਜਵਾਬੀ ਹਵਾਈ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਤੋੜ ਤਡਿ਼ੱਕ ਹੋ ਗਈ ਸੀ। ਉਸ ਤੋਂ ਕੁਝ ਮਹੀਨਿਆਂ ਬਾਅਦ ਜਦੋਂ ਅਗਸਤ 2019 ਵਿੱਚ ਭਾਰਤ ਨੇ ਸੰਵਿਧਾਨ ਦੀ ਧਾਰਾ 370 ਰੱਦ ਕਰ ਕੇ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਖਤਮ ਕਰ ਕੇ ਇਸ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਸੀ ਤਾਂ ਦੁਵੱਲੇ ਸਬੰਧਾਂ ਵਿੱਚ ਮੋੜਾ ਆਉਣ ਦੀਆਂ ਸੰਭਾਵਨਾਵਾਂ ਬਿਲਕੁਲ ਖਤਮ ਹੋ ਗਈਆਂ ਸਨ। ਉਂਝ, ਇਸ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਆਉਣ ਦੀਆਂ ਆਸਾਂ ਮੁੜ ਜਾਗੀਆਂ ਅਤੇ ਕੁਝ ਹੱਦ ਤੱਕ ਉਸਾਰੂ ਸੰਕੇਤ ਨਜ਼ਰ ਵੀ ਆਏ ਸਨ। 25 ਸਾਲ ਪਹਿਲਾਂ ਹੋਈ ਕਾਰਗਿਲ ਜੰਗ ਵੱਲ ਇਸ਼ਾਰਾ ਕਰਦਿਆਂ ਨਵਾਜ਼ ਨੇ ਪਿਛਲੇ ਮਹੀਨੇ ਮੰਨਿਆ ਸੀ ਕਿ ਪਾਕਿਸਤਾਨ ਨੇ 1999 ਦੇ ਲਾਹੌਰ ਐਲਾਨਨਾਮੇ ਦੀ ਉਲੰਘਣਾ ਕੀਤੀ ਸੀ। ਦਿਲਚਸਪ ਤੱਥ ਇਹ ਹੈ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਭਾਜਪਾ ਦੇ ਕੁਝ ਉਮੀਦਵਾਰਾਂ ਨੇ ਅਟਾਰੀ-ਵਾਹਗਾ ਜ਼ਮੀਨੀ ਲਾਂਘੇ ਰਾਹੀਂ ਭਾਰਤ-ਪਾਕਿਸਤਾਨ ਵਪਾਰ ਮੁੜ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ।
ਦੋਵਾਂ ਧਿਰਾਂ ਦਰਮਿਆਨ ਅੰਦਰਖਾਤੇ ਕੂਟਨੀਤਕ ਕੋਸ਼ਿਸ਼ਾਂ ਹੋਣ ਵਿਚਾਲੇ ਭਾਰਤ ਇਹ ਵੀ ਕਹਿੰਦਾ ਰਿਹਾ ਹੈ ਕਿ ਅਤਿਵਾਦ ਅਤੇ ਗੱਲਬਾਤ ਨਾਲੋ-ਨਾਲ ਨਹੀਂ ਚੱਲ ਸਕਦੇ। ਹਾਲਾਂਕਿ ਪਿਛਲੇ ਹਫ਼ਤੇ ਦੇ ਰਿਆਸੀ ਅਤਿਵਾਦੀ ਹਮਲੇ ਤੋਂ ਲੱਗਦਾ ਹੈ ਕਿ ਪਾਕਿਸਤਾਨ ਦੀ ਸਿਆਸੀ ਲੀਡਰਸ਼ਿਪ ’ਤੇ ਫ਼ੌਜ ਦੇ ਭਾਰੂ ਹੋਣ ਕਾਰਨ ਉਨ੍ਹਾਂ ਲਈ ਦਹਿਸ਼ਤਗਰਦੀ ਦੀ ਟੂਟੀ ਨੂੰ ਰਾਤੋ-ਰਾਤ ਬੰਦ ਕਰਨਾ ਸੌਖਾ ਨਹੀਂ ਹੋਵੇਗਾ। ਨਵੀਂ ਦਿੱਲੀ ਤੇ ਇਸਲਾਮਾਬਾਦ ਦੋਵਾਂ ਨੂੰ ਇੱਕ-ਇੱਕ ਕਦਮ ਅੱਗੇ ਵਧਾਉਣ ਦੀ ਲੋੜ ਹੈ, ਭਾਵੇਂ ਸ਼ੁਰੂਆਤ ਦੇ ਤੌਰ ’ਤੇ ਇਹ ਸੰਕੋਚੀ ਹੀ ਕਿਉਂ ਨਾ ਹੋਵੇ। ਇਸ ਨਾਲ ਭਰੋਸੇ ਦੀ ਕਮੀ ਦੂਰ ਹੋਵੇਗੀ ਅਤੇ ਦੋਵਾਂ ਮੁਲਕਾਂ ਨੂੰ ਵਾਰਤਾ ਦੇ ਮੇਜ਼ ’ਤੇ ਲਿਆਂਦਾ ਜਾ ਸਕੇਗਾ।

Advertisement

Advertisement
Author Image

joginder kumar

View all posts

Advertisement
Advertisement
×