ਭਾਰਤ-ਪਾਕਿ ਨੂੰ ਮਿਲ ਬੈਠ ਕੇ ਮਸਲੇ ਹੱਲ ਕਰਨੇ ਚਾਹੀਦੇ ਹਨ: ਭੱਟਾਚਾਰੀਆ
ਹਤਿੰਦਰ ਮਹਿਤਾ
ਜਲੰਧਰ, 4 ਜੂਨ
ਇੱਥੇ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਨਕਸਲੀ ਲਹਿਰ ਦੇ ਮਰਹੂਮ ਆਗੂ ਹਾਕਮ ਸਿੰਘ ਸਮਾਂਓ ਦੀ 26ਵੀਂ ਬਰਸੀ ਮੌਕੇ ਸੀਪੀਆਈ (ਐੱਮਐੱਲ) ਲਿਬਰੇਸ਼ਨ ਵੱਲੋਂ ਭਾਰਤ ਅਤੇ ਪਾਕਿਸਤਾਨ ਦੀਆਂ ਪਿਛਾਖੜੀ ਹਕੂਮਤਾਂ ਦੀਆਂ ਜੰਗੀ ਨੀਤੀਆਂ- ਖਾਸ ਕਰ ਭਾਰਤ ਸਰਕਾਰ ਦੁਆਰਾ ਲਗਾਤਾਰ ਜੰਗੀ ਜਨੂੰਨ, ਕੌਮੀ ਛਾਵਨਵਾਦ ਅਤੇ ਫਿਰਕੂ ਜਨੂੰਨ ਭੜਕਾਉਣ ਵਿਰੁੱਧ ਸੂਬਾਈ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਨੂੰ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦੇ ਹੋਏ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਕੌਮੀ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਭਾਰਤ ਅਤੇ ਪਾਕਿ ਨੂੰ ਆਪਸੀ ਮਸਲੇ ਜੰਗ ਨਾਲ ਨਹੀਂ, ਬਲਕਿ ਮਿਲ ਬੈਠ ਕੇ ਹੱਲ ਕਰਨੇ ਚਾਹੀਦੇ ਹਨ ਕਿਉਂਕਿ ਦੋਵਾਂ ਦੇਸ਼ਾਂ ਦਰਮਿਆਨ ਦਹਾਕਿਆਂ ਤੋ ਟਕਰਾਅ ਤੇ ਜੰਗ ਦਾ ਰੂਪ ਲੈਂਦਾ ਆ ਰਿਹਾ ਕਸ਼ਮੀਰ ਅਤੇ ਅਤਿਵਾਦ ਦਾ ਮਸਲਾ ਇਕ ਜੁੜਵਾਂ ਸਵਾਲ ਹੈ।
ਉਨ੍ਹਾਂ 9 ਜੁਲਾਈ ਨੂੰ ਮਜ਼ਦੂਰ ਤੇ ਕਿਸਾਨ ਸੰਗਠਨਾਂ ਵੱਲੋਂ ਦਿੱਤੇ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਮੁਕੰਮਲ ਤੌਰ ’ਤੇ ਕਾਮਯਾਬ ਕਰਨ ਦੀ ਵੀ ਅਪੀਲ ਕੀਤੀ। ਆਰਐੱਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਮੋਦੀ ਸਰਕਾਰ ਦੀਆਂ ਸੰਵਿਧਾਨ ਵਿਰੋਧੀ ਤੇ ਜਮਹੂਰੀਅਤ ਵਿਰੋਧੀ ਨੀਤੀਆਂ ਖ਼ਿਲਾਫ਼ ਇਕਜੁੱਟ ਹੋ ਕੇ ਇਕ ਮਜ਼ਬੂਤ ਸਿਆਸੀ ਮੋਰਚਾ ਵਿਕਸਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ।
ਪੰਜਾਬ ਵਿੱਚ ਸੀਪੀਆਈ (ਐੱਮਐੱਲ) ਦੇ ਮੁੱਢਲੇ ਆਗੂਆਂ ਵਿੱਚੋਂ ਇਕ ਅਤੇ ਦੇਸ਼ ਭਗਤ ਯਾਦਗਾਰ ਹਾਲ ਦੀ ਟਰੱਸਟੀ ਕਾਮਰੇਡ ਸੁਰਿੰਦਰ ਕੁਮਾਰੀ ਕੋਛੜ ਨੇ ਇਹ ਵੱਡੀ ਜੰਗ ਵਿਰੋਧੀ ਕਨਵੈਨਸ਼ਨ ਕਰਨ ਲਈ ਲਿਬਰੇਸ਼ਨ ਪਾਰਟੀ ਨੂੰ ਸ਼ਾਬਾਸ਼ ਦਿੱਤੀ।
ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰ, ਸੁਖਦਰਸ਼ਨ ਸਿੰਘ ਨੱਤ, ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਕੇਂਦਰੀ ਆਗੂ ਸੁਖਦੇਵ ਸਿੰਘ ਭੁਪਾਲ, ਆਈਡੀਪੀ ਦੇ ਪ੍ਰਧਾਨ ਕਰਨੈਲ ਸਿੰਘ ਜਖੇਪਲ ਨੇ ਵੀ ਇਸ ਮਸਲੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪੱਤਰਕਾਰ ਸਤਨਾਮ ਮਾਣਕ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਮੀਡੀਆ ਨੂੰ ਜੰਗੀ ਭੜਕਾਹਟ ਪੈਦਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਕਨਵੈਨਸ਼ਨ ਵਿੱਚ ਰੁਲਦੂ ਸਿੰਘ ਮਾਨਸਾ, ਜਸਬੀਰ ਕੌਰ ਨੱਤ, ਗੁਲਜਾਰ ਸਿੰਘ ਭੁੰਬਲੀ, ਬਲਬੀਰ ਸਿੰਘ ਝਾਮਕਾ, ਚਰਨਜੀਤ ਸਿੰਘ ਭਿੰਡਰ, ਬਲਬੀਰ ਮੂਧਲ, ਗੋਬਿੰਦ ਛਾਜਲੀ, ਗੁਰਨਾਮ ਸਿੰਘ ਭੀਖੀ, ਅਸ਼ੋਕ ਮਹਾਜਨ, ਨਿਰਮਲ ਛਜਲਵੰਡੀ ਸਤਨਾਮ ਸਿੰਘ ਪਖੀ ਖੁਰਦ ਅਤੇ ਰਜਿੰਦਰ ਸਿੰਘ ਸਿਵੀਆ ਵੀ ਹਾਜ਼ਰ ਸਨ।