ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਬਾਦੀ ਲਾਭਾਂਸ਼ ਦਾ ਫ਼ਾਇਦਾ ਨਹੀਂ ਉਠਾ ਰਿਹਾ ਭਾਰਤ: ਰਘੂਰਾਮ

07:01 AM Apr 18, 2024 IST

ਵਾਸ਼ਿੰਗਟਨ, 17 ਅਪਰੈਲ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਅੱਜ ਕਿਹਾ ਕਿ ਭਾਰਤ ਆਬਾਦੀ ਲਾਭਾਂਸ਼ ਦਾ ਫ਼ਾਇਦਾ ਨਹੀਂ ਉਠਾ ਰਿਹਾ। ਆਬਾਦੀ ਲਾਭਾਂਸ਼ ਦਾ ਅਰਥ ਹੈ ਕਿ ਕੁੱਲ ਆਬਾਦੀ ਵਿੱਚ ਕਾਰਜਬਲ ਵੱਧ ਹੋਣ ਅਤੇ ਨਿਰਭਰ ਲੋਕਾਂ ਦੀ ਗਿਣਤੀ ਘੱਟ ਹੋਣ ਕਾਰਨ ਪੈਦਾਵਾਰ ਵਧਣ ਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਸਮਰੱਥਾ ਹੈ।
ਰਾਜਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਨੁੱਖੀ ਪੂੰਜੀ ਵਿੱਚ ਸੁਧਾਰ ਅਤੇ ਉਨ੍ਹਾਂ ਦੇ ਹੁਨਰ ਨੂੰ ਤਰਾਸ਼ਣ ’ਤੇ ਧਿਆਨ ਦੇਣ ਦੀ ਲੋੜ ਹੈ।
ਇੱਥੇ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ‘2047 ਤੱਕ ਭਾਰਤ ਨੂੰ ਉੱਨਤ ਅਰਥਵਿਵਸਥਾ ਬਣਾਉਣਾ: ਇਸ ਸਬੰਧੀ ਕੀ ਕਰਨਾ ਹੋਵੇਗਾ’ ਵਿਸ਼ੇ ’ਤੇ ਕਰਵਾਈ ਚਰਚਾ ਵਿੱਚ ਹਿੱਸਾ ਲੈਂਦਿਆਂ ਰਾਜਨ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਅਸੀਂ ਇਸ ਦੇ (ਆਬਾਦੀ ਲਾਭਾਂਸ਼) ਦਰਮਿਆਨ ਹਾਂ, ਪਰ ਸਮੱਸਿਆ ਇਹ ਹੈ ਕਿ ਅਸੀਂ ਇਸਦਾ ਫਾਇਦਾ ਨਹੀਂ ਉਠਾ ਰਹੇ।’’
ਉਨ੍ਹਾਂ ਕਿਹਾ, ‘‘ਇਸੇ ਲਈ ਮੈਂ ਕਿਹਾ ਕਿ ਛੇ ਫੀਸਦੀ ਵਿਕਾਸ ਦਰ। ਜੇਕਰ ਤੁਸੀਂ ਸੋਚਦੇ ਹੋ ਕਿ ਹਾਲੇ ਅਸੀਂ ਇਸੇ ਸਥਿਤੀ ਵਿੱਚ ਹਾਂ, ਤਾਂ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਅੰਕੜਿਆਂ ਨਾਲ ਗੜਬੜੀ ਨੂੰ ਠੀਕ ਕਰ ਲਵੋ। ਉਹ ਛੇ ਫੀਸਦੀ ਆਬਾਦੀ ਲਾਭਾਂਸ਼ ਵਿੱਚ ਹੀ ਹੈ। ਇਹ ਉਸ ਤੋਂ ਕਾਫ਼ੀ ਘੱਟ ਹੈ ਜਿੱਥੇ ਚੀਨ ਅਤੇ ਕੋਰੀਆ ਉਸ ਸਮੇਂ ਸਨ ਜਦੋਂ ਉਨ੍ਹਾਂ ਨੇ ਆਪਣੇ ਆਬਾਦੀ ਲਾਭਾਂਸ਼ ਦਾ ਲਾਹਾ ਲਿਆ ਸੀ।’’ ਉਨ੍ਹਾਂ ਕਿਹਾ, ‘‘ਇਸ ਲਈ ਮੈਂ ਕਹਿ ਰਿਹਾ ਹਾਂ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਬਹੁਤ ਵਧੀਆ ਹੈ ਤਾਂ ਅਸੀਂ ਬਹੁਤ ਜ਼ਿਆਦਾ ਉਤਸ਼ਾਹਿਤ ਹੋ ਜਾਂਦੇ ਹਾਂ। ਅਜਿਹਾ ਇਸ ਲਈ ਨਹੀਂ ਕਿ ਅਸੀਂ ਆਬਾਦੀ ਲਾਭਾਂਸ਼ ਗੁਆ ਰਹੇ ਹਾਂ, ਸਗੋਂ ਅਸੀਂ ਉਨ੍ਹਾਂ ਲੋਕਾਂ ਨੂੰ ਰੁਜ਼ਗਾਰ ਹੀ ਨਹੀਂ ਦੇ ਰਹੇ।’’ ਉਨ੍ਹਾਂ ਕਿਹਾ, ‘‘ਤਾਂ ਸਵਾਲ ਉੱਠਦਾ ਹੈ ਕਿ ਅਸੀਂ ਰੁਜ਼ਗਾਰ ਕਿਵੇਂ ਪੈਦਾ ਕਰੀਏ? ਮੇਰਾ ਜਵਾਬ ਹੈ ਕਿ ਸਾਡੇ ਕੋਲ ਮੌਜੂਦ ਲੋਕਾਂ ਦੀ ਸਮਰੱਥਾਵਾਂ ਨੂੰ ਵਧਾਉਣਾ ਅਤੇ ਅੰਸ਼ਿਕ ਤੌਰ ’ਤੇ ਮੌਜੂਦ ਰੁਜ਼ਗਾਰ ਦੀ ਪ੍ਰਵਿਰਤੀ ਨੂੰ ਬਦਲਣਾ ਹੈ ਅਤੇ ਸਾਨੂੰ ਦੋਵਾਂ ਮੋਰਚਿਆਂ ’ਤੇ ਕੰਮ ਕਰਨ ਦੀ ਲੋੜ ਹੈ।’’ ਰਾਜਨ ਭਾਰਤ ਵੱਲੋਂ ਚਿੱਪ ਨਿਰਮਾਣ ’ਤੇ ਅਰਬਾਂ ਡਾਲਰ ਖਰਚ ਕਰਨ ਦੀ ਆਲੋਚਨਾ ਕਰਦੇ ਰਹੇ ਹਨ।
ਉਨ੍ਹਾਂ ਕਿਹਾ, “ਇਨ੍ਹਾਂ ਚਿੱਪ ਫੈਕਟਰੀਆਂ ਬਾਰੇ ਸੋਚੋ ਚਿੱਪ ਨਿਰਮਾਣ ’ਤੇ ਕਈ ਅਰਬਾਂ ਡਾਲਰ ਦੀ ਸਬਸਿਡੀ ਦਿੱਤੀ ਜਾਵੇਗੀ।’’ ਉਨ੍ਹਾਂ ਕਿਹਾ, ‘‘ਜਦੋਂਕਿ ਚਮੜੇ ਵਰਗੇ ਬਹੁਤ ਸਾਰੇ ਰੁਜ਼ਗਾਰ-ਪ੍ਰਾਪਤ ਖੇਤਰ ਵਧੀਆ ਪ੍ਰਦਰਸ਼ਨ ਨਹੀਂ ਕਰ ਰਹੇ ਹਨ।’’ ਰਾਜਨ ਨੇ ਕਿਹਾ, “ਅਸੀਂ ਇਨ੍ਹਾਂ ਖੇਤਰਾਂ ਵਿੱਚ ਹੇਠਾਂ ਜਾ ਰਹੇ ਹਾਂ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਸਾਡੇ ਕੋਲ ਰੁਜ਼ਗਾਰ ਦੀ ਘਾਟ ਦੀ ਸਮੱਸਿਆ ਹੈ। ਇਹ ਪਿਛਲੇ 10 ਸਾਲਾਂ ਵਿੱਚ ਪੈਦਾ ਨਹੀਂ ਹੋਈ ਬਲਕਿ ਪਿਛਲੇ ਕੁਝ ਦਹਾਕਿਆਂ ਤੋਂ ਵਧ ਰਹੀ ਹੈ।
ਹਾਲਾਂਕਿ ਜੇਕਰ ਤੁਸੀਂ ਇਨ੍ਹਾਂ ਖੇਤਰਾਂ ਨੂੰ ਨਜ਼ਰਅੰਦਾਜ਼ ਕਰਦੇ ਹੋ ਜਿਨ੍ਹਾਂ ਨੂੰ ਵਧਾਇਆ ਜਾ ਸਕਦਾ ਹੈ... ਮੈਂ ਇਹ ਨਹੀਂ ਕਹਿ ਰਿਹਾ ਕਿ ਸਾਨੂੰ ਹੁਣ ਚਮੜੇ ਦੇ ਖੇਤਰ ਨੂੰ ਸਬਸਿਡੀ ਦੇਣ ਦੀ ਜ਼ਰੂਰਤ ਹੈ, ਪਰ ਇਹ ਪਤਾ ਲਗਾਓ ਕਿ ਉੱਥੇ ਕੀ ਗ਼ਲਤ ਹੋ ਰਿਹਾ ਹੈ ਅਤੇ ਇਸ ਨੂੰ ਸੁਧਾਰਨ ਦਾ ਯਤਨ ਕਰਨਾ ਚਾਹੀਦਾ ਹੈ।’’ -ਪੀਟੀਆਈ

Advertisement

Advertisement
Advertisement