ਭਾਰਤ ਨੂੰ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਘਟਾਉਣ ਲਈ ਨਹੀਂ ਕਿਹਾ: ਅਮਰੀਕਾ
ਨਵੀਂ ਦਿੱਲੀ, 4 ਅਪਰੈਲ
ਅਮਰੀਕਾ ਨੇ ਅੱਜ ਕਿਹਾ ਕਿ ਉਸ ਨੇ ਭਾਰਤ ਨੂੰ ਰੂਸੀ ਕੱਚੇ ਤੇਲ ਦੀ ਦਰਾਮਦ ਘਟਾਉਣ ਲਈ ਨਹੀਂ ਕਿਹਾ ਹੈ। ਉਨ੍ਹਾਂ ਕਿਹਾ ਕਿ ਜੀ-7 ਦੇਸ਼ਾਂ ਵੱਲੋਂ ਰੂਸ ਤੋਂ ਤੇਲ ਖ਼ਰੀਦਣ ’ਤੇ ਲਗਾਈ ਕੀਮਤ ਹੱਦ ਦਾ ਮਕਸਦ ਮਾਸਕੋ ਨੂੰ ਘੱਟ ਕੀਮਤਾਂ ’ਤੇ ਪੈਟਰੋਲੀਅਮ ਪਦਾਰਥ ਵੇਚਣ ਲਈ ਮਜਬੂਰ ਕਰਨਾ ਸੀ ਤਾਂ ਜੋ ਯੂਕਰੇਨ ’ਚ ਯੁੱਧ ਲਈ ਉਸ ਦੀ ਵਿੱਤੀ ਸਮਰੱਥਾ ਨੂੰ ਸੱਟ ਮਾਰੀ ਜਾ ਸਕੇ। ਆਰਥਿਕ ਨੀਤੀ ਨਾਲ ਜੁੜੇ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਐਰਿਕ ਵਾਨ ਨੌਸਟ੍ਰੈਂਡ ਨੇ ਅਨੰਤਾ ਕੇਂਦਰ ’ਚ ਚਰਚਾ ਦੌਰਾਨ ਇਹ ਗੱਲ ਕਹੀ। ਅਮਰੀਕੀ ਸਹਾਇਕ ਵਿਦੇਸ਼ ਮੰਤਰੀ ਨੌਸਟ੍ਰੈਂਡ ਨੇ ਕਿਹਾ ਕਿ ਜੀ-7 ਗਰੁੱਪ ਦੇਸ਼ਾਂ ਵੱਲੋਂ ਰੂਸੀ ਤੇਲ ਦੀਆਂ ਕੀਮਤਾਂ ਨੂੰ ਤੈਅ ਕਰਨ ਨਾਲ ਜਿੱਥੇ ਯੂਕਰੇਨ ਵਿੱਚ ਯੁੱਧ ਖ਼ਾਤਰ ਰੂਸ ਨੂੰ ਧਨ ਜੁਟਾਉਣਾ ਮੁਸ਼ਕਲ ਹੋਇਆ ਪਿਆ ਹੈ, ਉੱਥੇ ਯੂਰੋਪ ਦੇ ਉਭਰਦੇ ਬਾਜ਼ਾਰਾਂ ਵਿੱਚ ਊਰਜਾ ਦੀ ਸਪਲਾਈ ਨੂੰ ਸਥਿਰ ਬਣਾਉਣ ਵਿੱਚ ਵੀ ਮਦਦ ਮਿਲੀ ਹੈ। ਅਮਰੀਕੀ ਅਧਿਕਾਰੀ ਨੇ ਕਿਹਾ, ‘‘ਭਾਰਤ ਵਰਗੇ ਉਭਰਦੇ ਬਾਜ਼ਾਰਾਂ ਨੂੰ ਆਲਮੀ ਬਾਜ਼ਾਰਾਂ ਦੇ ਮੁਕਾਬਲੇ ਘੱਟ ਕੀਮਤ ’ਤੇ ਉਪਲੱਬਧ ਰੂਸੀ ਤੇਲ ਕਾਰਨ ਫਾਇਦਾ ਹੋਇਆ ਹੈ।’’ ਇਸ ਤੋਂ ਪਹਿਲਾਂ ਅਮਰੀਕੀ ਵਿੱਤ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਅਤਿਵਾਦ ਨੂੰ ਫੰਡਿੰਗ ਰੋਕਣ ਸਬੰਧੀ ਕਾਰਜਕਾਰੀ ਸਹਾਇਕ ਸਕੱਤਰ ਅੰਨਾ ਮੌਰਿਸ ਅਤੇ ਆਰਥਿਕ ਨੀਤੀ ਨਾਲ ਜੁੜੇ ਸਹਾਇਕ ਸਕੱਤਰ ਐਰਿਨ ਵਾਨ ਨੌਸਟ੍ਰੈਂਡ 2 ਤੋਂ 5 ਅਪਰੈਲ ਤੱਕ ਨਵੀਂ ਦਿੱਲੀ ਤੇ ਮੁੰਬਈ ਦੇ ਦੌਰੇ ’ਤੇ ਹਨ। ਉਹ ਸਰਕਾਰੀ ਤੇ ਨਿੱਜੀ ਖੇਤਰ ਦੇ ਆਪਣੇ ਹਮਰੁਤਬਾ ਨਾਲ ਗੱਲਬਾਤ ਕਰ ਰਹੇ ਹਨ। -ਪੀਟੀਆਈ
ਦੇਸ਼ ਲਈ ਊਰਜਾ ਸੁਰੱਖਿਆ ਲੋੜਾਂ ਅਹਿਮ: ਭਾਰਤ
ਨਵੀਂ ਦਿੱਲੀ: ਰੂਸ ਤੋਂ ਤੇਲ ਖ਼ਰੀਦਣ ’ਤੇ ਲਗਾਈ ਕੀਮਤ ਹੱਦ ਦੇ ਦੂਜੇ ਗੇੜ ਦੇ ਮੱਦੇਨਜ਼ਰ ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਵੱਲੋਂ ਊਰਜਾ ਸੁਰੱਖਿਆ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਫ਼ੈਸਲੇ ਲਏ ਜਾਂਦੇ ਹਨ ਅਤੇ ਇਹੀ ਗੱਲ ਸਭ ਤੋਂ ਅਹਿਮ ਹੈ। ਵਿਦੇਸ਼ ਵਿਭਾਗ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਕੌਮਾਂਤਰੀ ਬਾਜ਼ਾਰ ਵਿੱਚ ਉੱਥੋਂ ਤੇਲ ਖ਼ਰੀਦਦਾ ਹੈ, ਜਿੱਥੋੋਂ ਇਸ ਨੂੰ ਸਸਤੀਆਂ ਕੀਮਤਾਂ ’ਤੇ ਉਪਲੱਬਧ ਹੁੰਦਾ ਹੈ। ਹਫ਼ਤਾਵਾਰੀ ਸੰਖੇਪ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੈਸਵਾਲ ਨੇ ਕਿਹਾ, ‘‘ਅਸੀਂ ਊਰਜਾ ਸੁਰੱਖਿਆ ਨਾਲ ਜੁੜੀ ਕੋਈ ਵੀ ਚੀਜ਼ ਕੌਮਾਂਤਰੀ ਬਾਜ਼ਾਰ ਵਿੱਚੋਂ ਖ਼ਰੀਦਦੇ ਹਾਂ। ਇਹ ਸਭ ਸਾਡੀਆਂ ਊਰਜਾ ਸੁਰੱਖਿਆ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਹੈ। ਇਹ ਇੱਕ ਵਪਾਰਕ ਉੱਦਮ ਹੈ ਜਿਸ ਨਾਲ ਅਸੀਂ ਬੱਝੇ ਹੋਏ ਹਾਂ।’’ ਉਨ੍ਹਾਂ ਕਿਹਾ, ‘‘ਕੌਮਾਂਤਰੀ ਬਾਜ਼ਾਰ ਵਿੱਚ ਜਿੱਥੇ ਵੀ ਸਸਤੀ ਦਰ ’ਤੇ ਤੇਲ ਮਿਲਦਾ ਹੈ ਅਸੀਂ ਕੌਮਾਂਤਰੀ ਬਾਜ਼ਾਰ ਵਿੱਚੋਂ ਉੱਥੋਂ ਹੀ ਤੇਲ ਖਰੀਦਦੇ ਹਾਂ। ਆਪਣੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੀ ਸਾਡੇ ਲਈ ਸਭ ਤੋਂ ਅਹਿਮ ਹੈ।’’