ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਰਥਿਕ ਵਿਕਾਸ ਲਈ ਭਾਰਤ ਨੂੰ ਹੋਰ ਸੁਧਾਰਾਂ ਦੀ ਲੋੜ: ਗੀਤਾ ਗੋਪੀਨਾਥ

08:05 AM Aug 18, 2024 IST
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਆਈਐੱਮਐੱਫ ਦੀ ਡਿਪਟੀ ਮੈਨੇਜਿੰਗ ਡਾਇਰੈਕਟਰ ਗੀਤਾ ਗੋਪੀਚੰਦ ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 17 ਅਗਸਤ
ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦੀ ਡਿਪਟੀ ਮੈਨੇਜਿੰਗ ਡਾਇਰੈਕਟਰ ਗੀਤਾ ਗੋਪੀਨਾਥ ਨੇ ਅੱਜ ਕਿਹਾ ਕਿ ਭਾਰਤ ਨੂੰ ਆਰਥਿਕ ਵਿਕਾਸ ਦੇ ਰਾਹ ’ਤੇ ਅੱਗੇ ਵਧਣ ਅਤੇ ਦੇਸ਼ ’ਚ ਲੋੜੀਂਦੇ ਰੁਜ਼ਗਾਰ ਦੇ ਮੌਕੇ ਯਕੀਨੀ ਬਣਾਉਣ ਲਈ ਵੱਧ ਸੁਧਾਰ ਕਰਨ ਦੀ ਲੋੜ ਹੋਵੇਗੀ। ਇੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਭਾਰਤ ਆਲਮੀ ਸਪਲਾਈ ਲੜੀ ’ਚ ਅਹਿਮ ਭਾਈਵਾਲ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਦਰਾਮਦ ਟੈਕਸ ਘੱਟ ਕਰਨਾ ਪਵੇਗਾ। ਉਨ੍ਹਾਂ ਕਿਹਾ, ‘ਸੰਰਚਨਾਤਮਕ ਸੁਧਾਰਾਂ ਦੇ ਸੰਦਰਭ ’ਚ ਸਰਕਾਰ ਨੇ ਪਿਛਲੇ ਕੁਝ ਸਾਲਾਂ ’ਚ ਮਹੱਤਵਪੂਰਨ ਸੁਧਾਰ ਕੀਤੇ ਹਨ।’ ਗੋਪੀਨਾਥ ਨੇ ਕਿਹਾ ਕਿ ਦੁਨੀਆ ਅਜਿਹੇ ਮਾਹੌਲ ’ਚ ਹੈ ਜਿੱਥੇ ਵਪਾਰ ਏਕੀਕਰਨ ’ਤੇ ਸਵਾਲ ਉੱਠ ਰਹੇ ਹਨ ਅਤੇ ਭਾਰਤ ਦਾ ਆਲਮੀ ਵਪਾਰ ਲਈ ਖੁੱਲ੍ਹਾ ਰਹਿਣਾ ਮਹੱਤਵਪੂਰਨ ਹੈ।
ਪ੍ਰਮੁੱਖ ਅਰਥਸ਼ਾਸਤਰੀ ਨੇ ਕਿਹਾ, ‘ਭਾਰਤ ’ਚ ਟੈਕਸ ਦਰਾਂ ਹੋਰ ਹਮਰੁਤਬਾ ਅਰਥਚਾਰਿਆਂ ਮੁਕਾਬਲੇ ਵੱਧ ਹਨ। ਜੇਕਰ ਉਹ ਆਲਮੀ ਮੰਚ ’ਤੇ ਇਕ ਅਹਿਮ ਖਿਡਾਰੀ ਤੇ ਆਲਮੀ ਸਪਲਾਈ ਲੜੀ ਦਾ ਅਹਿਮ ਹਿੱਸਾ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਟੈਕਸ ਘਟਾਉਣਾ ਪਵੇਗਾ।’
ਗੋਪੀਨਾਥ ਨੇ ਕਿਹਾ ਕਿ ਵਿਕਸਿਤ ਦੇਸ਼ ਦਾ ਦਰਜਾ ਹਾਸਲ ਕਰਨਾ ਵੱਡੀ ਖਾਹਿਸ਼ ਹੈ ਪਰ ਇਹ ਆਪਣੇ ਆਪ ਨਹੀਂ ਹੋ ਜਾਂਦੀ। ਇਸ ਲਈ ਕਈ ਖੇਤਰਾਂ ’ਚ ਲਗਾਤਾਰ ਕੋਸ਼ਿਸ਼ਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ, ‘ਭਾਰਤ ਦੀ ਜੀਡੀਪੀ ਚੰਗੀ ਰਹੀ ਹੈ ਤੇ ਸੱਤ ਫੀਸਦ ਦੀ ਦਰ ਨਾਲ ਇਹ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਅਹਿਮ ਅਰਥਚਾਰਾ ਹੈ।’ ਗੋਪੀਨਾਥ ਨੇ ਕਿਹਾ, ‘ਸਵਾਲ ਇਹ ਹੈ ਕਿ ਇਸ ਗਤੀ ਨੂੰ ਕਿਸ ਤਰ੍ਹਾਂ ਬਰਕਰਾਰ ਰੱਖਿਆ ਜਾਵੇ ਅਤੇ ਇਸ ਨੂੰ ਹੋਰ ਕਿਵੇਂ ਵਧਾਇਆ ਜਾਵੇ ਤਾਂ ਜੋ ਭਾਰਤ ’ਚ ਪ੍ਰਤੀ ਵਿਅਕਤੀ ਆਮਦਨ ’ਚ ਵਾਧਾ ਹੋ ਸਕੇ ਤੇ ਇਹ ਅਗਾਂਹਵਧੂ ਅਰਥਚਾਰਾ ਬਣ ਸਕੇ।’ -ਪੀਟੀਆਈ

Advertisement

ਭਾਰਤ ਆਈਐੱਮਐੱਫ ਨਾਲ ਸਹਿਯੋਗ ਵਧਾਉਣ ਦੇ ਢੰਗ ਲੱਭਣ ਲਈ ਤਿਆਰ: ਸੀਤਾਰਮਨ

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਆਈਐੱਮਐੱਫ ਦੀ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ ਗੀਤਾ ਗੋਪੀਨਾਥ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸੀਤਾਰਮਨ ਨੇ ਕਿਹਾ ਕਿ ਭਾਰਤ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨਾਲ ਆਪਣਾ ਸਹਿਯੋਗ ਵਧਾਉਣ ਦੇ ਹੋਰ ਤਰੀਕੇ ਲੱਭਣ ਲਈ ਤਿਆਰ ਹੈ। ਮੀਟਿੰਗ ’ਚ ਗੋਪੀਨਾਥ ਨੇ ਵਿੱਤੀ ਮਜ਼ਬੂਤੀ ਲਈ ਭਾਰਤ ਸਰਕਾਰ ਦੇ ਉਪਾਵਾਂ ਲਈ ਵਿੱਤ ਮੰਤਰੀ ਨੂੰ ਵਧਾਈ ਦਿੱਤੀ। ਵਿੱਤ ਮੰਤਰਾਲੇ ਨੇ ਐਕਸ ’ਤੇ ਪਾਈ ਪੋਸਟ ’ਚ ਕਿਹਾ, ‘ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਆਈਐੱਮਐੱਫ ਨਾਲ ਆਪਣੇ ਸਬੰਧਾਂ ਤੇ ਲਗਾਤਾਰ ਭਾਈਵਾਲੀ ਨੂੰ ਬਹੁਤ ਮਹੱਤਵ ਦਿੰਦਾ ਹੈ। ਭਵਿੱਖ ’ਚ ਭਾਰਤ ਸਰਕਾਰ ਆਈਐੱਮਐੱਫ ਨਾਲ ਆਪਣਾ ਸਹਿਯੋਗ ਵਧਾਉਣ ਦੇ ਹੋਰ ਢੰਗ ਲੱਭਣ ਲਈ ਤਿਆਰ ਹੈ।’ ਭਾਰਤੀ ਅਰਥਚਾਰੇ ਦਾ ਜ਼ਿਕਰ ਕਰਦਿਆਂ ਗੋਪੀਨਾਥ ਨੇ ਆਈਐੱਮਐੱਫ ਨਾਲ ਭਾਰਤ ਦੇ ਮਜ਼ਬੂਤ ਸਬੰਧਾਂ ਦੀ ਸ਼ਲਾਘਾ ਕੀਤੀ। -ਪੀਟੀਆਈ

Advertisement
Advertisement