ਭਾਰਤ-ਮੱਧ ਪੂਰਬ-ਯੂਰੋਪ ਗਲਿਆਰਾ ਸਦੀਆਂ ਲਈ ਵਿਸ਼ਵ ਵਪਾਰ ਦਾ ਆਧਾਰ ਬਣੇਗਾ: ਮੋਦੀ
ਨਵੀਂ ਦਿੱਲੀ, 24 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ-ਮੱਧ ਪੂਰਬ-ਯੂਰੋਪ ਗਲਿਆਰਾ ਸਦੀਆਂ ਲਈ ਵਿਸ਼ਵ ਵਪਾਰ ਦਾ ਆਧਾਰ ਬਣੇਗਾ। ਸ੍ਰੀ ਮੋਦੀ ਨੇ ਆਕਾਸ਼ਵਾਣੀ ਦੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 105ਵੀਂ ਲੜੀ ਵਿੱਚ ਦੇਸ਼ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜੀ20 ਸਿਖਰ ਵਾਰਤਾ ਦੌਰਾਨ ਵਿੱਚ ਭਾਰਤ ਨੇ ਆਲਮੀ ਆਗੂਆਂ ਅੱਗੇ ‘ਭਾਰਤ-ਪੱਛਮੀ ਏਸ਼ੀਆ-ਯੂਰੋਪ ਆਰਥਿਕ ਗਲਿਆਰਾ’ ਬਣਾਏ ਜਾਣ ਦਾ ਸੁਝਾਅ ਰੱਖਿਆ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸੈਂਕੜੇ ਸਾਲਾਂ ਤੱਕ ਇਹ ਵਿਸ਼ਵ ਵਪਾਰ ਦਾ ਅਧਾਰ ਬਣੇਗਾ ਤੇ ਇਤਿਹਾਸ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੇਗਾ ਕਿ ਇਸ ਦੀ ਸ਼ੁਰੂਆਤ ਭਾਰਤ ਦੀ ਧਰਤੀ ਤੋਂ ਹੋਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਜੀ-20 ਸਿਖਰ ਵਾਰਤਾ ਦੌਰਾਨ ਅਫਰੀਕੀ ਸੰਘ ਨੂੰ ਇਸ ਸਮੂਹ ਦਾ ਸਥਾਈ ਮੈਂਬਰ ਬਣਾ ਕੇ ਆਪਣਾ ਲੋਹਾ ਮਨਵਾਇਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਚੰਦਰਯਾਨ-3 ਦੀ ਸਫ਼ਲਤਾ ਤੇ ਕੌਮੀ ਰਾਜਧਾਨੀ ਦਿੱਲੀ ਵਿੱਚ ਜੀ-20 ਦੀ ਸਫ਼ਲ ਮੇਜ਼ਬਾਨੀ ਲਈ ਦੇਸ਼ ਦੇ ਹਰ ਹਿੱਸੇ ਤੇ ਸਮਾਜ ਦੇ ਹਰ ਵਰਗ ਤੇ ਉਮਰ ਦੇ ਲੋਕਾਂ ਦੀਆਂ ‘ਅਣਗਿਣਤ’ ਚਿੱਠੀਆਂ ਮਿਲੀਆਂ। ਉਨ੍ਹਾਂ ਕਿਹਾ ਕਿ ਚੰਦਰਯਾਨ-3 ਦੇ ਲੈਂਡਰ ਵਿਕਰਮ ਦੀ ਚੰਦ ਦੀ ਸਤਹਿ ’ਤੇ ਸਾਫਟ ਲੈਂਡਿੰਗ ਦੇ ਕਰੋੜਾਂ ਲੋਕ ਵੱਖ ਵੱਖ ਮਾਧਿਅਮਾਂ ਰਾਹੀਂ ਸਾਕਸ਼ੀ ਬਣੇ। ਉਨ੍ਹਾਂ ਕਿਹਾ, ‘‘ਭਾਰਤ ਨੇ ਅਫਰੀਕੀ ਸੰਘ ਨੂੰ ਜੀ-20 ਦਾ ਪੂਰਨ ਮੈਂਬਰ ਬਣਾ ਕੇ ਇਸ ਸੰਮੇਲਨ ’ਚ ਆਪਣੀ ਅਗਵਾਈ ਸਾਬਤ ਕੀਤੀ ਹੈ। ਉਸ ਸਮੇਂ, ਜਦੋਂ ਭਾਰਤ ਬਹੁਤ ਖੁਸ਼ਹਾਲ ਸੀ, ਸਾਡੇ ਦੇਸ਼ ਅਤੇ ਦੁਨੀਆ ਵਿਚ ‘ਸਿਲਕ ਰੂਟ’ ਦੀ ਬਹੁਤ ਚਰਚਾ ਸੀ। ਇਹ ਸਿਲਕ ਰੂਟ, ਵਪਾਰ ਅਤੇ ਕਾਰੋਬਾਰ ਦਾ ਇੱਕ ਪ੍ਰਮੁੱਖ ਜ਼ਰੀਆ ਸੀ।’’ ਉਨ੍ਹਾਂ ਕਿਹਾ, ‘‘ਆਧੁਨਿਕ ਯੁੱਗ ਵਿੱਚ ਭਾਰਤ ਨੇ ਜੀ-20 ਨੂੰ ‘ਭਾਰਤ ਪੱਛਮੀ ਏਸ਼ੀਆ ਯੂਰਪ ਆਰਥਿਕ ਗਲਿਆਰੇ ਦਾ ਸੁਝਾਅ ਦਿੱਤਾ। ਇਹ ਗਲਿਆਰਾ ਆਉਣ ਵਾਲੇ ਸੈਂਕੜੇ ਸਾਲਾਂ ਤੱਕ ਵਿਸ਼ਵ ਵਪਾਰ ਦਾ ਆਧਾਰ ਬਣੇਗਾ।’’ -ਪੀਟੀਆਈ