ਭਾਰਤ-ਮਲੇਸ਼ੀਆ ਵੱਲੋਂ ਪਹਿਲੀ ਵਾਰ ਸੁਰੱਖਿਆ ਮੁੱਦੇ ’ਤੇ ਗੱਲਬਾਤ
ਨਵੀਂ ਦਿੱਲੀ, 7 ਜਨਵਰੀ
ਭਾਰਤ ਅਤੇ ਮਲੇਸ਼ੀਆ ਨੇ ਇੱਥੇ ਮੁਲਾਕਾਤ ਦੌਰਾਨ ਆਲਮੀ ਅਤੇ ਖੇਤਰੀ ਸੁਰੱਖਿਆ ਵਾਤਾਵਰਨ ਬਾਰੇ ਚਰਚਾ ਕੀਤੀ। ਦੋਵਾਂ ਮੁਲਕਾਂ ਨੇ ਅਤਿਵਾਦ ਅਤੇ ਕੱਟੜਵਾਦ ਵਿਰੋਧੀ ਕਾਰਵਾਈ ਤੇ ਸਮੁੰਦਰੀ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪਹਿਲੀ ਭਾਰਤ-ਮਲੇਸ਼ੀਆ ਸੁਰੱਖਿਆ ਗੱਲਬਾਤ ਦੀ ਸਹਿ-ਪ੍ਰਧਾਨਗੀ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਤੇ ਮਲੇਸ਼ੀਆ ਦੀ ਕੌਮੀ ਸੁਰੱਖਿਆ ਪਰਿਸ਼ਦ ਦੇ ਮਹਾਨਿਰਦੇਸ਼ਕ ਰਾਜਾ ਦਾਤੋ ਨੁਸ਼ਿਰਵਾਨ ਬਿਨ ਜ਼ੈਨਲ ਆਬੀਦਿਨ ਨੇ ਕੀਤੀ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਗੱਲਬਾਤ ਦੌਰਾਨ ਉਨ੍ਹਾਂ ਅਹਿਮ ਖਣਿਜਾਂ ਲਈ ਸਹਿਯੋਗ ਵਧਾਉਣ ਦੇ ਤਰੀਕਿਆਂ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਸਾਲਾਨਾ ਮੀਟਿੰਗਾਂ ਕਰ ਕੇ ਗੱਲਬਾਤ ਨੂੰ ਜਾਰੀ ਰੱਖਣ ’ਤੇ ਵੀ ਸਹਿਮਤੀ ਬਣੀ। ਰੱਖਿਆ ਮੰਤਰਾਲੇ ਮੁਤਾਬਕ, ‘ਸੁਰੱਖਿਆ ਗੱਲਬਾਤ ਦੌਰਾਨ ਦੋਵਾਂ ਪੱਖਾਂ ਨੇ ਆਲਮੀ ਤੇ ਖੇਤਰੀ ਸੁਰੱਖਿਆ ਵਾਤਾਵਰਨ ’ਤੇ ਵਿਚਾਰ-ਵਟਾਂਦਰਾ ਕੀਤਾ ਤੇ ਸੁਰੱਖਿਆ, ਰੱਖਿਆ ਤੇ ਸਮੁੰਦਰੀ ਖੇਤਰਾਂ ਵਿੱਚ ਜਾਰੀ ਦੋ-ਪੱਖੀ ਸਹਿਯੋਗ ਦੀ ਸਮੀਖਿਆ ਕੀਤੀ। -ਪੀਟੀਆਈ