ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚੋਂ ਬਾਹਰ
ਸਿਡਨੀ, 5 ਜਨਵਰੀ
ਭਾਰਤ ਸਿਡਨੀ ਟੈਸਟ ਵਿਚ ਮੇਜ਼ਬਾਨ ਆਸਟਰੇਲੀਆ ਹੱਥੋਂ ਮਿਲੀ 6 ਵਿਕਟਾਂ ਦੀ ਹਾਰ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਖਿਤਾਬੀ ਮੁਕਾਬਲੇ ’ਚੋਂ ਵੀ ਬਾਹਰ ਹੋ ਗਿਆ ਹੈ। ਆਸਟਰੇਲੀਆ ਨੇ ਪੰਜ ਟੈਸਟ ਮੈਚਾਂ ਦੀ ਲੜੀ 3-1 ਨਾਲ ਜਿੱਤ ਕੇ ਦਸ ਸਾਲਾਂ ਮਗਰੋਂ ਬਾਰਡਰ ਗਾਵਸਕਰ ਟਰਾਫ਼ੀ ਆਪਣੇ ਨਾਮ ਕੀਤੀ ਹੈ। ਆਸਟਰੇਲੀਆ ਹੁਣ 11 ਤੋਂ 15 ਜੂਨ ਨੂੰ ਲਾਰਡਜ਼ ਵਿਚ ਦੱਖਣੀ ਅਫ਼ਰੀਕਾ ਖਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡੇਗਾ।
ਭਾਰਤ ਨੇ ਸਿਡਨੀ ਟੈਸਟ ਦੇ ਤੀਜੇ ਦਿਨ ਅੱਜ ਮੇਜ਼ਬਾਨ ਟੀਮ ਨੂੰ ਜਿੱਤ ਲਈ 162 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਆਸਟਰੇਲੀਅਨ ਟੀਮ ਨੇ 27 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਆਸਟਰੇਲੀਆ ਲਈ ਉਸਮਾਨ ਖਵਾਜਾ ਨੇ 41, ਟਰੈਵਿਸ ਹੈੱਡ ਨੇ ਨਾਬਾਦ 34 ਤੇ ਬੀਓ ਵੈਬਸਟਰ ਨੇ ਨਾਬਾਦ 39 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਪ੍ਰਸਿੱਧ ਕ੍ਰਿਸ਼ਨਾ ਨੇ 3 ਤੇ ਇਕ ਵਿਕਟ ਮੁਹੰਮਦ ਸਿਰਾਜ ਦੇ ਹਿੱਸੇ ਆਈ। ਇਸ ਤੋਂ ਪਹਿਲਾਂ ਭਾਰਤ ਨੇ ਅੱਜ 141/6 ਦੇ ਸਕੋਰ ਤੋਂ ਤੀਜੇ ਦਿਨ ਦੀ ਸ਼ੁਰੂਆਤ ਕੀਤੀ ਸੀ, ਪਰ ਟੀਮ ਸਕੋਰ ਲਾਈਨ ਵਿਚ 16 ਦੌੜਾਂ ਦਾ ਹੀ ਇਜ਼ਾਫਾ ਕਰ ਸਕੀ। ਭਾਰਤ ਦੀ ਦੂਜੀ ਪਾਰੀ 157 ਦੌੜਾਂ ’ਤੇ ਸਿਮਟ ਗਈ। ਰਿਸ਼ਭ ਪੰਤ 61 ਦੌੜਾਂ ਨਾਲ ਟੌਪ ਸਕੋਰਰ ਰਿਹਾ। ਆਸਟਰੇਲੀਆ ਦੇ ਸਕੌਟ ਬੋਲੈਂਡ ਨੇ 45 ਦੌੜਾਂ ਬਦਲੇ 6 ਵਿਕਟਾਂ ਲਈਆਂ। ਕਪਤਾਨ ਪੈਟ ਕਮਿਨਸ ਨੇ ਤਿੰਨ ਤੇ ਬੀਓ ਵੈਬਸਟਰ ਦੇ ਹਿੱਸੇ ਇਕ ਵਿਕਟ ਆਈ। -ਪੀਟੀਆਈ
ਆਸਟਰੇਲੀਅਨ ਟੀਮ ਨੂੰ ਬਾਰਡਰ-ਗਾਵਸਕਰ ਟਰਾਫ਼ੀ ਦੇਣ ਮੌਕੇ ਨਾ ਸੱਦੇ ਜਾਣ ਤੋਂ ‘ਲਿਟਲ ਮਾਸਟਰ’ ਨਾਖ਼ੁਸ਼
ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੇ ਅੱਜ ਆਸਟਰੇਲੀਅਨ ਟੀਮ ਨੂੰ ਬਾਰਡਰ ਗਾਵਸਕਰ ਟਰਾਫ਼ੀ, ਜੋ ਉਨ੍ਹਾਂ ਤੇ ਸਾਬਕਾ ਆਸਟਰੇਲੀਅਨ ਕਪਤਾਨ ਦੇ ਨਾਮ ਉੱਤੇ ਹੈ, ਦੇਣ ਮੌਕੇ ਉਨ੍ਹਾਂ ਨੂੰ ਨਾ ਸੱਦੇ ਜਾਣ ’ਤੇ ਨਾਖੁਸ਼ੀ ਜਤਾਈ ਹੈ। ਕਾਬਿਲੇਗੌਰ ਹੈ ਪੰਜ ਮੈਚਾਂ ਦੀ ਲੜੀ 3-1 ਨਾਲ ਜਿੱਤਣ ਵਾਲੀ ਆਸਟਰੇਲੀਅਨ ਟੀਮ ਨੂੰ ਟਰਾਫੀ ਐਲਨ ਬਾਰਡਰ ਨੇ ਦਿੱਤੀ, ਪਰ ਗਾਵਸਕਰ ਜੋ ਉਸ ਵੇਲੇ ਮੈਦਾਨ ਉੱਤੇ ਮੌਜੂਦ ਸਨ, ਨੂੰ ਜਾਣਬੁਝ ਕੇ ਨਜ਼ਰਅੰਦਾਜ਼ ਕੀਤਾ ਗਿਆ। ਗਾਵਸਕਰ ਨੇ ਕਿਹਾ, ‘‘ਟਰਾਫ਼ੀ ਦੇਣ ਮੌਕੇ ਜੇ ਮੈਨੂੰ ਸੱਦਿਆ ਜਾਂਦਾ ਤਾਂ ਯਕੀਨੀ ਤੌਰ ’ਤੇ ਮੈਨੂੰ ਖ਼ੁਸ਼ੀ ਹੁੰਦੀ। ਆਖਿਰ ਇਹ ਬਾਰਡਰ ਗਾਵਸਕਰ ਟਰਾਫ਼ੀ ਹੈ ਤੇ ਇਹ ਆਸਟੇਲੀਆ ਤੇ ਭਾਰਤ ਬਾਰੇ ਸੀ।’’