For the best experience, open
https://m.punjabitribuneonline.com
on your mobile browser.
Advertisement

ਭਾਰਤ ਦਹਿਸ਼ਤਗਰਦਾਂ ਨੂੰ ਘਰ ਵਿਚ ਵੜ ਕੇ ਮਾਰਦੈ: ਮੋਦੀ

07:09 AM May 01, 2024 IST
ਭਾਰਤ ਦਹਿਸ਼ਤਗਰਦਾਂ ਨੂੰ ਘਰ ਵਿਚ ਵੜ ਕੇ ਮਾਰਦੈ  ਮੋਦੀ
ਲਾਤੂਰ ’ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਏਐੱਨਆਈ
Advertisement

ਲਾਤੂਰ/ਛਤਰਪਤੀ ਸਾਂਬਾਜੀਨਗਰ, 30 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਹਿਸ਼ਤਗਰਦਾਂ ਨੂੰ ਉਨ੍ਹਾਂ ਦੇ ਘਰ ਵਿਚ ਵੜ ਕੇ ਮਾਰਦੀ ਹੈ, ਕਾਂਗਰਸ ਨਿਜ਼ਾਮ ਵਾਂਗ ਮੁੰਬਈ ਹਮਲਿਆਂ ਮਗਰੋਂ ਪਾਕਿਸਤਾਨ ਨੂੰ ਮਿਸਲਾਂ ਨਹੀਂ ਭੇਜਦੀ। ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਤੇ ਮੁਸ਼ਕਲਾਂ ‘ਜੌੜੇ ਭਰਾਵਾਂ’ ਵਾਂਗ ਹਨ ਤੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੇ ਸੱਤਾ ਵਿਚ ਰਹਿੰਦਿਆਂ ਦੇਸ਼ ਨੂੰ ਗਰੀਬੀ ਤੋਂ ਛੁੱਟ ਕੁਝ ਨਹੀਂ ਦਿੱਤਾ। ਉਨ੍ਹਾਂ ਕਾਂਗਰਸ ’ਤੇ ਲੋਕਾਂ ਤੇ ਕਿਸਾਨਾਂ ਨਾਲ ਵਿਸ਼ਵਾਸਘਾਤ ਕਰਨ ਤੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਮਧੋਲਣ ਦਾ ਦੋਸ਼ ਲਾਇਆ। ਮਹਾਰਾਸ਼ਟਰ ਦੇ ਲਾਤੂਰ ਤੇ ਧਾਰਾਸ਼ਿਵ ਜ਼ਿਲ੍ਹਿਆਂ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਕਾਂਗਰਸ ਦੀ ਹਕੂਮਤ ਵੇਲੇ ਅਖ਼ਬਾਰਾਂ ਦੀਆਂ ਸੁਰਖੀਆਂ ਹੁੰਦੀਆਂ ਸਨ ਕਿ ਭਾਰਤ ਨੇ ਦਹਿਸ਼ਤੀ ਸਰਗਰਮੀਆਂ ਖਿਲਾਫ਼ ਪਾਕਿਸਤਾਨ ਨੂੰ ਇਕ ਹੋਰ ਮਿਸਲ ਸੌਂਪੀ। ਇਹ ਵੱਡੀ ਖ਼ਬਰ ਹੁੰਦੀ ਸੀ। ਮੀਡੀਆ ਵਿਚਲੇ ਸਾਡੇ ਕੁਝ ਦੋਸਤ ਅਜਿਹੀ ਕੋਈ ਮਿਸਲ ਭੇਜਣ ਮਗਰੋਂ ਤਾੜੀਆਂ ਮਾਰਦੇ ਸਨ।’’ ਉਨ੍ਹਾਂ ਕਿਹਾ, ‘‘ਭਾਰਤ ਅੱਜ ਮਿਸਲਾਂ ਨਹੀਂ ਭੇਜਦਾ। ਭਾਰਤ ਘਰ ਵਿਚ ਵੜ ਕੇ ਮਾਰਦਾ ਹੈ। ਨਵੇਂ ਭਾਰਤ ਦੀ ਸੁਰਖੀ ਹੈ: ਮਿਸ਼ਨ ਐੱਲਓਸੀ, ਭਾਰਤ ਨੇ ਸਰਜੀਕਲ ਹਮਲਿਆਂ ਨਾਲ ਪਾਕਿਸਤਾਨ ਨੂੰ ਸਜ਼ਾ ਦਿੱਤੀ।’’ ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਇੰਡੀਆ ਗੱਠਜੋੜ ਨੇ ‘ਫਾਰਮੂਲਾ’ ਤਿਆਰ ਕੀਤਾ ਹੈ ਜਿਸ ਤਹਿਤ ਸੱਤਾ ਵਿਚ ਆਉਣ ’ਤੇ ਵਿਰੋਧੀ ਧਿਰਾਂ ਦੇ ਗੱਠਜੋੜ ’ਚ ਸ਼ਾਮਲ ਪਾਰਟੀਆਂ ਨੂੰ ਇਕ ਇਕ ਸਾਲ ਪ੍ਰਧਾਨ ਮੰਤਰੀ ਦਾ ਅਹੁਦਾ ਮਿਲੇਗਾ। ਅਜਿਹੇ ਪ੍ਰਬੰਧ ਨਾਲ ਦੇਸ਼ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ।’’ ਉਨ੍ਹਾਂ ਕਿਹਾ, ‘‘ਕੁਝ ਲੋਕ ਕਿਸ਼ਤਾਂ ਵਿਚ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਹਰੇਕ ਸਾਲ ਪ੍ਰਧਾਨ ਮੰਤਰੀ ਬਣਾਉਣ ਦਾ ਫੈਸਲਾ ਕਰ ਲਿਆ ਹੈ।’’ ਉਨ੍ਹਾਂ ਕਿਹਾ, ‘‘ਕਾਂਗਰਸ ਨੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਲਾਤੂਰ ’ਚ ਪਾਣੀ ਦਾ ਵੱਡਾ ਸੰਕਟ ਹੈ, ਪਰ ਕੀ ਉਨ੍ਹਾਂ ਕਦੇ ਮਸਲਾ ਹੱਲ ਕੀਤਾ? ਕਾਂਗਰਸ ਨੇ ਪਾਣੀ ਨਾਲ ਜੁੜੀਆਂ ਸਕੀਮਾਂ ਨੂੰ ਲਮਕਾਈ ਰੱਖਿਆ ਤੇ ਵਾਟਰ ਗਰਿੱਡ ਸਕੀਮ ਦੇ ਰਾਹ ’ਚ ਅੜਿੱਕੇ ਪਾਏ।’’ ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਆਪਣੀ ਹਕੂਮਤ ਦੌਰਾਨ ਭਾਰਤ ਦੇ ਅਰਥਚਾਰੇ ਨੂੰ ਤਬਾਹ ਕੀਤਾ। ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਜਦੋਂ ਮੈਂ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਗੱਲ ਕਰਦਾ ਹਾਂ ਤਾਂ ਕਾਂਗਰਸ ਦੇ ਸ਼ਹਿਜ਼ਾਦੇ ਨੂੰ ਬੁਖਾਰ ਚੜ੍ਹ ਜਾਂਦਾ ਹੈ।’’ ਉਨ੍ਹਾਂ ਕਿਹਾ, ‘‘ਜਿਨ੍ਹਾਂ ਦੇਸ਼ ਨੂੰ ਲੁੱਟਿਆ, ਉਹ ਸਲਾਖਾਂ ਪਿੱਛੇ ਹਨ। ਜਿਨ੍ਹਾਂ ਦੇਸ਼ ਨੂੰ ਲੁੱਟਿਆ, ਉਨ੍ਹਾਂ ਨੂੰ ਭੁਗਤਣਾ ਹੋਵੇਗਾ। ਅਤੇ ਇਹ ਮੋਦੀ ਦੀ ਗਾਰੰਟੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡੇ ਦੇਸ਼ ਦੇ ਲੋਕ ਹਮੇਸ਼ਾ ਮਿਹਤਨੀ ਤੇ ਪ੍ਰਤਿਭਾਸ਼ਾਲੀ ਰਹੇ ਹਨ, ਪਰ ਕਾਂਗਰਸ ਪਾਰਟੀ ਨੇ ਉਨ੍ਹਾਂ ਦੇ ਸੁਫ਼ਨੇ ਮਧੋਲਣ ਦਾ ਪਾਪ ਕੀਤਾ ਹੈ।’’ -ਪੀਟੀਆਈ

Advertisement

‘ਭਟਕਦੀ ਆਤਮਾ’ ਟਿੱਪਣੀ ਤੋਂ ਅਜੀਤ ਪਵਾਰ ਤੇ ਵਿਰੋਧੀ ਧਿਰ ਦੁਚਿੱਤੀ ’ਚ

ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਭਟਕਦੀ ਆਤਮਾ’ ਟਿੱਪਣੀ ਨੇ ਮਹਾਰਾਸ਼ਟਰ ’ਚ ਵਿਰੋਧੀ ਧਿਰਾਂ ਦੇ ਗੱਠਜੋੜ ‘ਮਹਾ ਵਿਕਾਸ ਅਗਾੜੀ’ ਤੇ ਸੂਬੇ ਦੇ ਉੁਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਦੁਚਿੱਤੀ ਵਿਚ ਪਾ ਦਿੱਤਾ ਹੈ ਕਿ ਆਖਿਰ ਇਹ ਟਿੱਪਣੀ ਕਿਸ ਲਈ ਕੀਤੀ ਗਈ ਹੈ। ਸ੍ਰੀ ਮੋਦੀ ਨੇ ਸੋਮਵਾਰ ਸ਼ਾਮ ਨੂੰ ਪੁਣੇ ਵਿਚ ਪਲੇਠੀ ਲੋਕ ਸਭਾ ਰੈਲੀ ਦੌਰਾਨ ਕਿਹਾ ਸੀ, ‘‘ਮਹਾਰਾਸ਼ਟਰ ਵਿਚ ਇਕ ‘ਭਟਕਦੀ ਆਤਮਾ’ ਹੈ...ਜਦੋਂ ਇਹ ਸਫ਼ਲ ਨਹੀਂ ਹੋਈ ਤਾਂ ਇਸ ਨੇ ਹੋਰਨਾਂ ਦੇ ਚੰਗੇ ਕੰਮਾਂ ਨੂੰ ਵਿਗਾੜ ਦਿੱਤਾ। ਸੂਬਾ ਇਸ ਦਾ ਸ਼ਿਕਾਰ ਹੈ।’’ ਸ੍ਰੀ ਮੋਦੀ ਨੇ ਕਿਸੇ ਦਾ ਨਾਂ ਲਏ ਬਗੈਰ ਕਿਹਾ, ‘‘ਇਸ ਆਗੂ ਵੱਲੋਂ 45 ਸਾਲ ਪਹਿਲਾਂ ਖੇਡ ਸ਼ੁਰੂ ਕੀਤੀ ਗਈ ਸੀ... ਉਸ ਦੀਆਂ ਆਪਣੀਆਂ ਸਵੈ-ਇੱਛਾਵਾਂ ਕਰਕੇ ਹੀ ਮਹਾਰਾਸ਼ਟਰ ਸਿਆਸੀ ਤੌਰ ’ਤੇ ਅਸਥਿਰ ਰਿਹਾ। ਇਸ ਕਰਕੇ ਕਈ ਮੁੱਖ ਮੰਤਰੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ।’’ ਸ੍ਰੀ ਮੋਦੀ ਦੀ ਟਿੱਪਣੀ ਨੂੰ ਲੈ ਕੇ ਦੁਚਿੱਤੀ ਇਸ ਲਈ ਹੈ ਕਿ ਕਿਉਂਕਿ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਸਪੀ) ਦੇ ਪ੍ਰਧਾਨ ਸ਼ਰਦ ਪਵਾਰ 55 ਸਾਲ ਜਦੋਂਕਿ ਉਨ੍ਹਾਂ ਦਾ ਭਤੀਜਾ ਅਜੀਤ ਪਵਾਰ 45 ਸਾਲਾਂ ਤੋਂ ਸਿਆਸਤ ’ਚ ਹਨ। ਇਨ੍ਹਾਂ ਟਿੱਪਣੀਆਂ ਤੋਂ ਨਾਰਾਜ਼ ਨਜ਼ਰ ਆਏ ਅਜੀਤ ਪਵਾਰ ਨੇ ਅੱਜ ਕਿਹਾ ਕਿ ਉਹ ਅਗਲੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਤੋਂ ਇਸ ਬਾਰੇ ਸਪਸ਼ਟੀਕਰਨ ਮੰਗਣਗੇ। -ਪੀਟੀਆਈ

Advertisement
Author Image

Advertisement
Advertisement
×