For the best experience, open
https://m.punjabitribuneonline.com
on your mobile browser.
Advertisement

ਰੂਸ-ਯੂਕਰੇਨ ਜੰਗ ਦੇ ਪੈਣ ਵਾਲੇ ਅਸਰ ਤੋਂ ਭਾਰਤ ਫਿਕਰਮੰਦ: ਮੋਦੀ

07:27 AM Jul 14, 2023 IST
ਰੂਸ ਯੂਕਰੇਨ ਜੰਗ ਦੇ ਪੈਣ ਵਾਲੇ ਅਸਰ ਤੋਂ ਭਾਰਤ ਫਿਕਰਮੰਦ  ਮੋਦੀ
Advertisement

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਰੋਜ਼ਾ ਦੌਰੇ ਲਈ ਫਰਾਂਸ ਰਵਾਨਾ ਹੋਣ ਤੋਂ ਪਹਿਲਾਂ ਫਰਾਂਸੀਸੀ ਅਖ਼ਬਾਰ ‘ਲਾ ਈਕੋ’ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ ਕਿ ਭਾਰਤ, ਰੂਸ-ਯੂਕਰੇਨ ਜੰਗ ਦੇ ਖਾਸ ਕਰਕੇ ਕੁੱਲ ਆਲਮ ਦੇ ਦੱਖਣੀ ਮੁਲਕਾਂ ’ਤੇ ਪੈਣ ਵਾਲੇ ਅਸਰ ਤੋਂ ਵੱਡਾ ਫ਼ਿਕਰਮੰਦ ਹੈ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਇਹ ਜੰਗ ਖ਼ਤਮ ਹੋਵੇ। ਉਨ੍ਹਾਂ ਕਿਹਾ ਕਿ ਉਹ ਦੋਵਾਂ ਮੁਲਕਾਂ ਦੇ ਰਾਸ਼ਟਰਪਤੀਆਂ ਨਾਲ ਕਈ ਵਾਰ ਗੱਲ ਕਰ ਚੁੱਕੇ ਹਨ ਤੇ ਭਾਰਤ ਇਸ ਝਗੜੇ ਦਾ ਭੋਗ ਪਾਉਣ ਲਈ ਹਰ ਸੱਚੀ-ਸੁੱਚੀ ਕੋਸ਼ਿਸ਼ ਦੀ ਹਮਾਇਤ ਕਰਨ ਲਈ ਤਿਆਰ ਹੈ।
ਸ੍ਰੀ ਮੋਦੀ ਨੇ ਕਿਹਾ, ‘‘ਭਾਰਤ ਦਾ ਸਟੈਂਡ ਬਹੁਤ ਸਪਸ਼ਟ, ਪਾਰਦਰਸ਼ੀ ਤੇ ਸਥਿਰ ਹੈ। ਮੈਂ ਕਿਹਾ ਸੀ ਕਿ ਇਹ ਜੰਗ ਦਾ ਯੁੱਗ ਨਹੀਂ। ਅਸੀਂ ਦੋਵਾਂ ਧਿਰਾਂ ਨੂੰ ਸੰਵਾਦ ਤੇ ਕੂਟਨੀਤੀ ਜ਼ਰੀਏ ਮਸਲੇ ਨਬਿੇੜਨ ਦੀ ਅਪੀਲ ਕੀਤੀ ਹੈ।’’ ਪ੍ਰਧਾਨ ਮੰਤਰੀ ਨੇ ‘ਹਮਲਾਵਰ’ ਚੀਨ ਬਾਰੇ ਪੁੱਛੇੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਭਾਰਤ ਨੇ ਵੱਖਰੇਵਿਆਂ ਨੂੰ ਸੰਵਾਦ ਤੇ ਕੂਟਨੀਤੀ ਜ਼ਰੀਏ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕਰਨ ਦੀ ਹਮੇਸ਼ਾਂ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ, ‘‘ਹਿੰਦ-ਪ੍ਰਸ਼ਾਂਤ ਖਿੱਤੇ ਵਿਚ ਸਾਡੇ ਹਿੱਤ ਬਹੁਤ ਵਸੀਹ ਹਨ, ਅਤੇ ਸਾਡੇ ਰਿਸ਼ਤੇ ਬਹੁਤ ਡੂੰਘੇ ਹਨ। ਮੈਂ ਇਸ ਖਿੱਤੇ ਲਈ ਆਪਣੀ ਕਲਪਨਾ ਨੂੰ ਇਕ ਸ਼ਬਦ ‘ਸਾਗਰ’ ਨਾਲ ਬਿਆਨ ਕਰ ਸਕਦਾ ਹਾਂ, ਜਿਸ ਤੋਂ ਭਾਵ ਹੈ ‘ਇਸ ਖਿੱਤੇ ਵਿੱਚ ਸਾਰਿਆਂ ਲਈ ਸੁਰੱਖਿਆ ਤੇ ਵਿਕਾਸ’। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਦ ਮਹਾਸਾਗਰ ਖਿੱਤੇ ਵਿੱਚ ਭਾਰਤ ਤੇ ਫਰਾਂਸ ਦੋ ਪ੍ਰਮੁੱਖ ਤਾਕਤਾਂ ਹਨ ਤੇ ਦੋਵਾਂ ਦੇਸ਼ਾਂ ਦੀ ਭਾਈਵਾਲੀ ਦਾ ਟੀਚਾ ਹਿੰਦ ਪ੍ਰਸ਼ਾਂਤ ਖਿੱਤੇ ਨੂੰ ਮੁਕਤ, ਮੋਕਲਾ, ਸੰਮਲਿਤ, ਸੁਰੱਖਿਅਤ ਤੇ ਸਥਿਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਨਾ ਸਿਰਫ਼ ਭਾਰਤ ਦੇ ਰੱਖਿਆ ਸਨਅਤੀ ਆਧਾਰ ਤੇ ਸਾਂਝੀਆਂ ਅਪਰੇਸ਼ਨਲ ਸਮਰਥਾਵਾਂ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ ਬਲਕਿ ਹੋਰਨਾਂ ਮੁਲਕਾਂ ਦੀਆਂ ਰੱਖਿਆ ਲੋੜਾਂ ਦੀ ਹਮਾਇਤ ਲਈ ਇਕਜੁੱਟ ਹੋਏ ਹਨ। ਸ੍ਰੀ ਮੋਦੀ ਨੇ ਯੂਐੱਨ ਸੁਰੱਖਿਆ ਕੌਂਸਲ ਵਿੱਚ ਸੁਧਾਰਾਂ ਦੀ ਵੀ ਜ਼ੋਰਦਾਰ ਵਕਾਲਤ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਵਜੋਂ ਦਿਖਾਇਆ ਹੈ ਕਿ ਵੰਨ-ਸੁਵੰਨਤਾ ਦਰਮਿਆਨ ਸਦਭਾਵਨਾ ਦੀ ਹੋਂਦ ਸੰਭਵ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਨੌਜਵਾਨ ਤੇ ਕੁਸ਼ਲ ਕਾਰਜਬਲ ਖੁੱਲ੍ਹੇਪਣ ਤੇ ਜਮਹੂਰੀ ਕਦਰਾਂ ਕੀਮਤਾਂ ਨਾਲ ਲਬਰੇਜ ਹੈ ਤੇ ਉਹ ਟੈਕਨਾਲੋਜੀ ਨੂੰ ਅਪਣਾਉਣ ਤੇ ਬਦਲਦੀ ਦੁਨੀਆ ਮੁਤਾਬਕ ਢਲਣ ਲਈ ਉਤਸੁਕ ਹੈ। ਉਨ੍ਹਾਂ ਕਿਹਾ, ‘‘ਜਦੋਂ ਕੁਲ ਆਲਮ ਦੇ ਕਈ ਮੁਲਕ ਬੁੱਢੇ ਹੋ ਰਹੇ ਹਨ ਤੇ ਉਨ੍ਹਾਂ ਦੀ ਅਬਾਦੀ ਘੱਟ ਰਹੀ ਹੈ, ਭਾਰਤ ਦਾ ਯੁਵਾ ਤੇ ਕੁਸ਼ਲ ਕਾਰਜਬਲ ਆਉਣ ਵਾਲੇ ਦਹਾਕਿਆਂ ਲਈ ਕੁੱਲ ਆਲਮ ਲਈ ਇਕ ਸੰਪਤੀ ਹੋਵੇਗਾ। ਅਸਧਾਰਨ ਸਮਾਜਿਕ ਤੇ ਆਰਥਿਕ ਵੰਨ-ਸੁਵੰਨਤਾ ਦੇ ਨਾਲ ਕੁੱਲ ਆਲਮ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰੂਪ ਵਿੱਚ ਸਾਡੀ ਸਫ਼ਲਤਾ ਇਹ ਦਰਸਾਏਗੀ ਕਿ ਜਮਹੂਰੀਅਤ ਦਾ ਫਲ ਮਿਲਦਾ ਹੈ। ਵੰਨ-ਸੁਵੰਨਤਾ ਦਰਮਿਆਨ ਸਦਭਾਵਨਾ ਦਾ ਹੋਣਾ ਸੰਭਵ ਹੈ।’’ -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×