ਲੋਕਾਂ ਦਾ ਭਵਿੱਖ ਬਿਹਤਰ ਬਣਾਉਣ ਲਈ ਭਾਰਤ ਯਤਨਸ਼ੀਲ: ਮੋਦੀ
* ਤਕਨਾਲੋਜੀ ਨੂੰ ਰਚਨਾਤਮਕ ਬਣਾਉਣ ’ਤੇ ਦਿੱਤਾ ਜ਼ੋਰ
* ਊਰਜਾ ਖੇਤਰ ’ਚ ਕੀਤੇ ਵਿਸ਼ੇਸ਼ ਉਪਰਾਲੇ
ਬਾਰੀ, 14 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਤਕਨਾਲੋਜੀ ਨੂੰ ਤਬਾਹਕੁੰਨ ਦੀ ਬਜਾਏ ਰਚਨਾਤਮਕ ਬਣਾਉਣ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੁਨੀਆ ਸਾਂਝੀਵਾਲਤਾ ਵਾਲੇ ਸਮਾਜ ਦੀ ਨੀਂਹ ਰੱਖਣ ਦੇ ਯੋਗ ਹੋਵੇਗੀ। ਇਥੇ ਜੀ-7 ਸਿਖਰ ਸੰਮੇਲਨ ਦੌਰਾਨ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਮਨੁੱਖ ਕੇਂਦਰਤ ਪਹੁੰਚ ਰਾਹੀਂ ਲੋਕਾਂ ਦਾ ਭਵਿੱਖ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ‘ਭਾਰਤ ਉਨ੍ਹਾਂ ਕੁਝ ਮੁਲਕਾਂ ’ਚ ਸ਼ਾਮਲ ਹੈ ਜਿਨ੍ਹਾਂ ਮਸਨੂਈ ਬੌਧਿਕਤਾ (ਏਆਈ) ’ਚ ਕੌਮੀ ਰਣਨੀਤੀ ਘੜੀ ਹੈ।
ਪਿਛਲੇ ਸਾਲ ਭਾਰਤ ਨੇ ਜਦੋਂ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ ਤਾਂ ਅਸੀਂ ਏਆਈ ਦੇ ਖੇਤਰ ’ਚ ਕੌਮਾਂਤਰੀ ਸ਼ਾਸਨ ਪ੍ਰਣਾਲੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਸੀ।’ ਮੋਦੀ ਨੇ ਕਿਹਾ ਕਿ ਭਾਰਤ ਦੀ ਊਰਜਾ ਖੇਤਰ ’ਚ ਪਹੁੰਚ ਚਾਰ ਸਿਧਾਂਤਾਂ ਉਪਲੱਬਧਤਾ, ਪਹੁੰਚ, ਸਮਰੱਥਾ ਅਤੇ ਸਵੀਕਾਰਤਾ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਭਾਰਤ 2070 ਤੱਕ ‘ਨੈੱਟ ਜ਼ੀਰੋ’ ਦਾ ਟੀਚਾ ਹਾਸਲ ਕਰਨ ਦੀ ਆਪਣੀ ਵਚਨਬੱਧਤਾ ਪੂਰੀ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ‘ਸਾਨੂੰ ਸਾਰਿਆਂ ਨੂੰ ਰਲ ਕੇ ਆਉਂਦੇ ਸਮੇਂ ਨੂੰ ਹਰਿਆਲੀ ਦਾ ਯੁੱਗ ਬਣਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।’
ਭਾਰਤ ਨੂੰ 2047 ਤੱਕ ਵਿਕਸਤ ਮੁਲਕ ਬਣਾਉਣ ਦਾ ਅਹਿਦ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਸਮਾਜ ਦੇ ਕਿਸੇ ਵੀ ਵਰਗ ਨੂੰ ਪਿੱਛੇ ਨਾ ਛੱਡਣ ਪ੍ਰਤੀ ਉਹ ਵਚਨਬੱਧ ਹਨ। ‘ਗਲੋਬਲ ਸਾਊਥ’ ਦੇ ਮੁਲਕਾਂ ਨੂੰ ਆਲਮੀ ਬੇਯਕੀਨੀਆਂ ਅਤੇ ਤਣਾਅ ਦਾ ਸਾਹਮਣਾ ਕਰਨ ਦਾ ਦਾਅਵਾ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਨੇ ਉਨ੍ਹਾਂ ਦੀਆਂ ਤਰਜੀਹਾਂ ਅਤੇ ਫਿਕਰਾਂ ਨੂੰ ਆਲਮੀ ਮੰਚ ’ਤੇ ਰੱਖਣ ਦੀ ਆਪਣੀ ਜ਼ਿੰਮੇਵਾਰੀ ਮੰਨੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਮਾਣ ਹੈ ਕਿ ਮੁਲਕ ਦੀ ਜੀ-20 ਮੇਜ਼ਬਾਨੀ ਦੌਰਾਨ ਹੀ ਅਫ਼ਰੀਕੀ ਯੂਨੀਅਨ ਗਰੁੱਪ ਦਾ ਸਥਾਈ ਮੈਂਬਰ ਬਣਿਆ ਸੀ।
ਉਨ੍ਹਾਂ ਕਿਹਾ ਕਿ ਭਾਰਤ, ਅਫ਼ਰੀਕਾ ਦੇ ਸਾਰੇ ਮੁਲਕਾਂ ਦੇ ਆਰਥਿਕ ਤੇ ਸਮਾਜਿਕ ਵਿਕਾਸ, ਸਥਿਰਤਾ ਅਤੇ ਸੁਰੱਖਿਆ ਲਈ ਆਪਣਾ ਯੋਗਦਾਨ ਪਾ ਰਿਹਾ ਹੈ ਅਤੇ ਅੱਗੇ ਵੀ ਸਹਾਇਤਾ ਦਿੰਦਾ ਰਹੇਗਾ। ਮੋਦੀ ਨੇ ਕਿਹਾ ਕਿ ਮਾਨਵੀ ਇਤਿਹਾਸ ਦੇ ਸਭ ਤੋਂ ਵੱਡੇ ਜਮਹੂਰੀ ਅਮਲ ਮਗਰੋਂ ਮੁੜ ਤੋਂ ਪ੍ਰਧਾਨ ਮੰਤਰੀ ਬਣਨ ਮਗਰੋਂ ਉਨ੍ਹਾਂ ਲਈ ਸਿਖਰ ਸੰਮੇਲਨ ’ਚ ਹਾਜ਼ਰੀ ਭਰਨਾ ਵੱਡੀ ਸੰਤੁਸ਼ਟੀ ਦਾ ਮਾਮਲਾ ਹੈ। -ਪੀਟੀਆਈ