Video: ਰੂਸ-ਯੂਕਰੇਨ ਟਕਰਾਅ ਦੇ ਖ਼ਾਤਮੇ ਲਈ ਭਾਰਤ ਹਰ ਸੰਭਵ ਸਹਿਯੋਗ ਦੇਣ ਨੂੰ ਤਿਆਰ: ਮੋਦੀ ਦਾ ਪੂਤਿਨ ਨੂੰ ਸੁਨੇਹਾ
ਕਜ਼ਾਨ, 22 ਅਕਤੂਬਰ
PM Modi on ending Russia-Ukraine conflict: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇਥੇ ਰੂਸੀ ਸਦਰ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਰੂਸ-ਯੂਕਰੇਨ ਟਕਰਾਅ ਪੁਰਅਮਨ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਭਾਰਤ ਇਸ ਮਕਸਦ ਲਈ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ। ਮੋਦੀ ਨੇ ਇਸ ਕੇਂਦਰੀ ਰੂਸੀ ਸ਼ਹਿਰ ਵਿਚ 16ਵੇਂ ਬ੍ਰਿਕਸ ਸਿਖਰ ਸੰਮੇਲਨ (16th BRICS summit) ਵਿਚ ਹਿੱਸਾ ਲੈਣ ਵਾਸਤੇ ਪੁੱਜਣ ਤੋਂ ਬਾਅਦ ਰੂਸੀ ਰਾਸ਼ਟਰਪਤੀ ਨਾਲ ਦੁਵੱਲੀ ਗੱਲਬਾਤ ਕੀਤੀ।
ਮੋਦੀ ਨੇ ਟੈਲੀਵਿਜ਼ਨ ਉਤੇ ਨਸ਼ਰ ਕੀਤੀ ਗਈ ਆਪਣੀ ਸ਼ੁਰੂਆਤੀ ਟਿੱਪਣੀ ਵਿਚ ਰੂਸੀ ਸਦਰ ਨੂੰ ਸੁਨੇਹਾ ਦਿੱਤਾ ਕਿ ਖ਼ਿੱਤੇ ਵਿਚ ਛੇਤੀ ਤੋਂ ਛੇਤੀ ਅਮਨ ਤੇ ਸਥਿਰਤਾ ਦੀ ਬਹਾਲੀ ਦੀਆਂ ਕੋਸ਼ਿਸ਼ਾਂ ਦੀ ਭਾਰਤ ‘ਪੂਰੀ ਤਰ੍ਹਾਂ’ ਹਮਾਇਤ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੀਤੇ ਤਿੰਨ ਮਹੀਨਿਆਂ ਦੌਰਾਨ ਰੂਸ ਦੀ ਦੂਜੀ ਫੇਰੀ ਤੋਂ ਦੋਵਾਂ ਮੁਲਕਾਂ ਦਰਮਿਆਨ ‘ਕਰੀਬੀ’ ਤਾਲਮੇਲ ਅਤੇ ਡੂੰਘੇ ਆਪਸੀ ਵਿਸ਼ਵਾਸ ਦਾ ਪਤਾ ਲੱਗਦਾ ਹੈ।
ਉਨ੍ਹਾਂ ਕਿਹਾ, ‘‘ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਟਕਰਾਅ ਦੇ ਮੁੱਦੇ ਉਤੇ ਅਸੀਂ ਲਗਾਤਾਰ ਸੰਪਰਕ ਵਿਚ ਹਾਂ। ਜਿਵੇਂ ਮੈਂ ਪਹਿਲਾਂ ਆਖਿਆ ਹੈ, ਸਾਡਾ ਵਿਸ਼ਵਾਸ ਹੈ ਕਿ ਮਸਲੇ ਪੁਰਅਮਨ ਢੰਗ ਨਾਲ ਹੱਲ ਕੀਤੇ ਜਾਣੇ ਚਾਹੀਦੇ ਹਨ।’’ ਉਨ੍ਹਾਂ ਹੋਰ ਕਿਹਾ, ‘‘ਅਸੀਂ ਖ਼ਿੱਤੇ ਵਿਚ ਛੇਤੀ ਅਮਨ ਤੇ ਸਥਿਰਤਾ ਦੀ ਵਾਪਸੀ ਦੀ ਪੂਰੀ ਹਮਾਇਤ ਕਰਦੇ ਹਾਂ।... ਸਾਡੇ ਕੋਲ ਇਨ੍ਹਾਂ ਸਾਰੇ ਮੁੱਦਿਆਂ ਨੂੰ ਵਿਚਾਰਨ ਦਾ ਮੌਕਾ ਹੈ।’’
ਉਨ੍ਹਾਂ ਬੀਤੇ ਜੁਲਾਈ ਮਹੀਨੇ ਪੂਤਿਨ ਨਾਲ ਮਾਸਕੋ ਵਿਚ ਹੋਈ ਸਿਖਰ ਵਾਰਤਾ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਕਿਹਾ, ‘‘ਸਾਡੇ ਸਾਲਾਨਾ ਸਿਖਰ ਸੰਮੇਲਨ ਦਾ ਸਿੱਟਾ ਹਰੇਕ ਖੇਤਰ ਵਿਚ ਸਹਿਯੋਗ ’ਚ ਹੋਰ ਮਜ਼ਬੂਤੀ ਵਜੋਂ ਨਿਕਲਿਆ ਹੈ।’’ ਉਨ੍ਹਾਂ ਪੂਤਿਨ ਨੂੰ ਰੂਸ ਵੱਲੋਂ ਬ੍ਰਿਕਸ ਦੀ ਸਫਲਤਾਪੂਰਬਕ ਪ੍ਰਧਾਨਗੀ ਕੀਤੇ ਜਾਣ ਲਈ ਵੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਦੁਨੀਆਂ ਦੇ ਹੋਰ ਵੀ ਬਹੁਤ ਸਾਰੇ ਮੁਲਕ ਹੁਣ ਇਸ ਗਰੁੱਪ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਮੀਟਿੰਗ ਸਬੰਧੀ ਆਪਣੇ ‘ਐਕਸ’ ਅਕਾਊਂਟ ਉਤੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ। -ਪੀਟੀਆਈ
Sharing my remarks during meeting with President Putin.https://t.co/6cd8COO5Vm
— Narendra Modi (@narendramodi) October 22, 2024