ਭਾਰਤ ਸਾਡਾ ਰਣਨੀਤਕ ਭਾਈਵਾਲ ਤਾਂ ਹੈ ਪਰ ਹੱਤਿਆ ਦੀ ਸਾਜ਼ਿਸ਼ ’ਚ ਸ਼ਾਮਲ ਵਿਅਕਤੀਆਂ ਦੀ ਜਵਾਬਦੇਹੀ ਜ਼ਰੂਰੀ: ਅਮਰੀਕਾ
ਵਾਸ਼ਿੰਗਟਨ, 8 ਦਸੰਬਰ
ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫਤਰ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਦਾ ਰਣਨੀਤਕ ਭਾਈਵਾਲ ਹੈ ਅਤੇ ਉਸ ਨੇ ਨਵੀਂ ਦਿੱਲੀ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕੀ ਸਿੱਖ ਵੱਖਵਾਦੀ ਨੇਤਾ ਦੀ ਹੱਤਿਆ ਦੀ ਸਾਜ਼ਿਸ਼ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਏ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਬੁਲਾਰੇ ਜਾਨ ਕਿਰਬੀ ਨੇ ਇੱਥੇ ਵ੍ਹਾਈਟ ਹਾਊਸ 'ਚ ਪ੍ਰੈੱਸ ਕਾਨਫਰੰਸ 'ਚ ਕਿਹਾ, ‘ਭਾਰਤ ਰਣਨੀਤਕ ਭਾਈਵਾਲ ਹੈ। ਅਸੀਂ ਇਸ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ਯਕੀਨੀ ਤੌਰ 'ਤੇ ਇਨ੍ਹਾਂ ਦੋਸ਼ਾਂ ਦੀ ਗੰਭੀਰਤਾ ਨੂੰ ਵੀ ਸਮਝਦੇ ਹਾਂ।’ ਕਿਰਬੀ ਨੇ ਇਸ ਕਥਿਤ ਸਾਜ਼ਿਸ਼ ਦਾ ਭਾਰਤ ਅਤੇ ਅਮਰੀਕਾ ਦੇ ਦੁਵੱਲੇ ਸਬੰਧਾਂ 'ਤੇ ਕੀ ਪ੍ਰਭਾਵ ਪੈ ਸਕਦਾ ਹੈ ਨਾਲ ਜੁੜੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ,‘ਅਸੀਂ ਚਾਹੁੰਦੇ ਹਾਂ ਕਿ ਇਸ ਦੀ ਡੂੰਘੀ ਜਾਂਚ ਹੋਣੀ ਚਾਹੀਦੀ ਹੈ ਅਤੇ ਜ਼ਿੰਮੇਵਾਰਾਂ ਨੂੰ ਢੁਕਵੇਂ ਢੰਗ ਨਾਲ ਜਵਾਬਦੇਹ ਬਣਾਇਆ ਜਾਵੇ। ਇਸ ਮਾਮਲੇ ਦੀ ਸਰਗਰਮੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਸੀਂ ਕਿਹਾ ਹੈ ਕਿ ਸਾਨੂੰ ਖੁਸ਼ੀ ਹੈ ਕਿ ਭਾਰਤੀ ਹਮਰੁਤਬਾ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਪੂਰੀ ਤਰ੍ਹਾਂ ਜਾਂਚ ਕਰ ਰਹੇ ਹਨ, ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ, ਮੈਂ ਅੱਗੇ ਕੁਝ ਨਹੀਂ ਕਹਾਂਗਾ।’