ਸੁਰੱਖਿਆ ਮੋਰਚੇ ’ਤੇ ਭਾਰਤ ‘ਖੁਸ਼ਕਿਸਮਤ’ ਨਹੀਂ: ਰਾਜਨਾਥ ਸਿੰਘ
ਮਹੂ (ਮੱਧ ਪ੍ਰਦੇਸ਼), 28 ਦਸੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸੁਰੱਖਿਆ ਦੇ ਫਰੰਟ ’ਤੇ ਭਾਰਤ ਨੂੰ ‘ਬਹੁਤਾ ਖੁਸ਼ਕਿਸਮਤ ਨਹੀਂ’ ਕਰਾਰ ਦਿੰਦਿਆਂ ਫੌਜੀ ਜਵਾਨਾਂ ਨੂੰ ਅੰਦਰਲੇ ਤੇ ਬਾਹਰਲੇ ਦੁਸ਼ਮਣਾਂ ’ਤੇ ਤਿੱਖੀ ਨਜ਼ਰ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਦੁਸ਼ਮਣ ਹਮੇਸ਼ਾ ਸਰਗਰਮ ਰਹਿੰਦੇ ਹਨ। ਉਹ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿੱਚ ਦੋ ਸਦੀਆਂ ਤੋਂ ਜ਼ਿਆਦਾ ਪੁਰਾਣੀ ਮਹੂ ਛਾਉਣੀ ’ਚ ਫੌਜੀ ਜਵਾਨਾਂ ਨੂੰ ਸੰਬੋਧਨ ਕਰ ਰਹੇ ਸਨ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਇਕ ਵਿਕਸਤ ਤੇ ਸਵੈ-ਨਿਰਭਰ ਦੇਸ਼ ਬਣਾਉਣ ਵਿੱਚ ਫੌਜ ਦੀ ਅਹਿਮ ਭੂਮਿਕਾ ਹੈ।
ਸੂਬੇ ਦੇ ਦੋ ਦਿਨਾ ਦੌਰੇ ’ਤੇ ਇੱਥੇ ਪੁੱਜੇ ਰਾਜਨਾਥ ਸਿੰਘ ਨੇ ਕਿਹਾ, ‘‘ਸੁਰੱਖਿਆ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਭਾਰਤ ਬਹੁਤਾ ਖੁਸ਼ਕਿਸਮਤ ਦੇਸ਼ ਨਹੀਂ ਹੈ ਕਿਉਂਕਿ ਸਾਡੀਆਂ ਉੱਤਰੀ ਤੇ ਪੱਛਮੀ ਸਰਹੱਦਾਂ ’ਤੇ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।’’ ਇੰਦੌਰ ਤੋਂ 25 ਕਿਲੋਮੀਟਰ ਦੂਰ ਮਹੂ ਛਾਉਣੀ ਵਿੱਚ ਤਿੰਨ ਵੱਕਾਰੀ ਸਿਖਲਾਈ ਸੰਸਥਾਵਾਂ ਹਨ ਜਿਨ੍ਹਾਂ ਵਿੱਚ ਆਰਮੀ ਵਾਰ ਕਾਲਜ, ਮਿਲਟਰੀ ਕਾਲਜ ਆਫ਼ ਟੈਲੀਕਮਿਊਨਿਕੇਸ਼ਨ ਇੰਜਨੀਅਰਿੰਗ ਅਤੇ ਇਨਫੈਂਟਰੀ ਸਕੂਲ ਤੋਂ ਇਲਾਵਾ ਇਨਫੈਂਟਰੀ ਮਿਊਜ਼ੀਅਮ ਤੇ ਆਰਮੀ ਮਾਰਕਸਮੈਨਸ਼ਿਪ ਯੂਨਿਟ ਹੈ।
ਫੌਜੀ ਜਵਾਨਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ, ‘‘ਸਾਨੂੰ ਅੰਦਰੂਨੀ ਫਰੰਟ ’ਤੇ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਪਿਛੋਕੜ ਵਿੱਚ, ਅਸੀਂ ਚੁੱਪ ਤੇ ਬੇਪਰਵਾਹ ਹੋ ਕੇ ਨਹੀਂ ਬੈਠ ਸਕਦੇ ਹਾਂ। ਸਾਡੇ ਦੁਸ਼ਮਣ, ਭਾਵੇਂ ਉਹ ਅੰਦਰੂਨੀ ਹੋਣ ਜਾਂ ਬਾਹਰਲੇ, ਹਮੇਸ਼ਾ ਸਰਗਰਮ ਰਹਿੰਦੇ ਹਨ। ਅਜਿਹੇ ਹਾਲਾਤ ਵਿੱਚ, ਸਾਨੂੰ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਪੈਨੀ ਅੱਖ ਰੱਖਣੀ ਚਾਹੀਦੀ ਹੈ ਅਤੇ ਉਨ੍ਹਾਂ ਖ਼ਿਲਾਫ਼ ਸਮੇਂ ਸਿਰ ਢੁੱਕਵੇਂ ਕਦਮ ਉਠਾਉਣੇ ਚਾਹੀਦੇ ਹਨ।’’
ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਇਕ ਵਿਕਸਤ ਤੇ ਸਵੈ-ਨਿਰਭਰ ਦੇਸ਼ ਬਣਾਉਣ ਵਿੱਚ ਫੌਜ ਦੀ ਕਾਫੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ, ‘‘ਅਨੁਸ਼ਾਸਨ ਦਾ ਤੁਹਾਡੇ ਵਰਗਾ ਪੱਧਰ ਕਾਇਮ ਕਰਨ ਲਈ ਸਮਰਪਣ ਤੇ ਪੱਕੇ ਵਿਸ਼ਵਾਸ ਦੀ ਲੋੜ ਹੁੰਦੀ ਹੈ।’’ ਉਨ੍ਹਾਂ ਕਿਹਾ, ‘‘ਕੰਮ ਪ੍ਰਤੀ ਤੁਹਾਡਾ ਸਮਰਪਣ ਮੈਨੂੰ ਪ੍ਰੇਰਣਾ ਦਿੰਦਾ ਹੈ।’’ -ਪੀਟੀਆਈ
ਡਾ. ਬੀਆਰ ਅੰਬੇਡਕਰ ਦੀ ਯਾਦਗਾਰ ’ਤੇ ਸ਼ਰਧਾਂਜਲੀ ਭੇਟ ਕੀਤੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਦੇ ਨਾਲ ਮਹੂ ਛਾਉਣੀ ਵਿੱਚ ਬਣੀ ਡਾ. ਬੀਆਰ ਅੰਬੇਡਕਰ ਦੀ ਯਾਦਗਾਰ ’ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਅੰਬੇਡਕਰ ਦੀ ਯਾਦਗਾਰ ਮਹੂ ਛਾਉਣੀ ਦੇ ਕਾਲੀ ਪਲਟਨ ਖੇਤਰ ਵਿੱਚ ਉਨ੍ਹਾਂ ਦੇ ਜਨਮ ਸਥਾਨ ’ਤੇ ਬਣਾਈ ਗਈ ਹੈ। ਅੰਬੇਡਕਰ ਮੈਮੋਰੀਅਲ ਸੁਸਾਇਟੀ ਦੇ ਸਕੱਤਰ ਰਾਜੇਸ਼ ਵਾਨਖੇੜੇ ਨੇ ਦੱਸਿਆ, ‘‘ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਨਰਲ ਦਿਵੇਦੀ ਦੇ ਨਾਲ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਫਿਰ ਯਾਦਗਾਰ ਦੇ ਕੇਂਦਰੀ ਹਾਲ ਵਿੱਚ ਰੱਖੇ ਉਨ੍ਹਾਂ ਦੇ ਅਸਥੀਆਂ ਵਾਲੇ ਕਲਸ਼ ਦੇ ਦਰਸ਼ਨ ਕੀਤੇ। ਉਸ ਤੋਂ ਬਾਅਦ ਰਾਜਨਾਥ ਯਾਦਗਾਰ ਭਵਨ ਦੀ ਪਹਿਲੀ ਮੰਜ਼ਿਲ ’ਤੇ ਗਏ ਅਤੇ ਉੱਥੇ ਲੱਗੀਆਂ ਹੋਈਆਂ ਵੱਖ ਵੱਖ ਤਸਵੀਰਾਂ ਰਾਹੀਂ ਡਾ. ਅੰਬੇਡਕਰ ਦੇ ਜੀਵਨ ਬਾਰੇ ਜਾਣਿਆ।’’ -ਪੀਟੀਆਈ