For the best experience, open
https://m.punjabitribuneonline.com
on your mobile browser.
Advertisement

ਭਾਰਤ ‘ਓਪਰਿਆਂ ਤੋਂ ਡਰਨ’ ਵਾਲਾ ਮੁਲਕ ਨਹੀਂ: ਜੈਸ਼ੰਕਰ

07:58 AM May 05, 2024 IST
ਭਾਰਤ ‘ਓਪਰਿਆਂ ਤੋਂ ਡਰਨ’ ਵਾਲਾ ਮੁਲਕ ਨਹੀਂ  ਜੈਸ਼ੰਕਰ
ਵਿਦੇਸ਼ ਮੰਤਰੀ ਐਸ ਜੈਸ਼ੰਕਰ ਭੁਬਨੇਸ਼ਵਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਭੁਬਨੇਸ਼ਵਰ, 4 ਮਈ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ‘ਜ਼ੈਨੋਫੋਬੀਆ’ (ਓਪਰਿਆਂ ਤੋਂ ਡਰ) ਸਬੰਧੀ ਟਿੱਪਣੀ ਖਾਰਜ ਕਰਦਿਆਂ ਤਰਕ ਦਿੱਤਾ ਕਿ ਭਾਰਤ ਦੀ ਆਰਥਿਕ ਵਿਕਾਸ ਦਰ 7 ਫੀਸਦ ਹੈ ਜੋ ਕਈ ਹੋਰ ਮੁਲਕਾਂ ਮੁਕਾਬਲੇ ਵੱਧ ਹੈ। ਜੈਸ਼ੰਕਰ ਨੇ ਦੁਹਰਾਇਆ ਭਾਰਤ ਸਭ ਤੋਂ ਖੁੱਲ੍ਹਾ, ਬਹੁਲਵਾਦੀ ਤੇ ਵੰਨ-ਸੁਵੰਨਤਾ ਵਾਲਾ ਸਮਾਜ ਹੈ ਨਾ ਕਿ ‘ਜ਼ੈਨੋਫੋਬਿਕ’।
ਵਿਦੇਸ਼ ਮੰਤਰੀ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਸਭ ਤੋਂ ਖੁੱਲ੍ਹੇ ਸਮਾਜ ਹਾਂ। ਅੱਜ ਤੱਕ ਮੈਂ ਇੰਨਾ ਖੁੱਲ੍ਹਾ, ਇੰਨਾ ਬਹੁਲਵਾਦੀ, ਇੰਨਾ ਵੰਨ ਸੁਵੰਨਤਾ ਭਰਿਆ ਸਮਾਜ ਕਦੀ ਨਹੀਂ ਦੇਖਿਆ। ਇਸ ਲਈ ਮੈਂ ਕਹਾਂਗਾ ਕਿ ਅਸੀਂ ‘ਜ਼ੈਨੋਫੋਬਿਕ’ ਨਹੀਂ ਹਾਂ। ਅਸੀਂ ਸਭ ਤੋਂ ਖੁੱਲ੍ਹੇ, ਸਭ ਤੋਂ ਬਹੁਲਵਾਦੀ ਤੇ ਕਈ ਮਾਇਨਿਆਂ ’ਚ ਦੁਨੀਆ ਦਾ ਸਭ ਤੋਂ ਸਮਝਦਾਰ ਸਮਾਜ ਹਾਂ।’ ਉਨ੍ਹਾਂ ਕਿਹਾ, ‘ਦੂਜਾ ਇੱਥੇ ਕੁਝ ਆਰਥਿਕ ਪ੍ਰਦਰਸ਼ਨ ਬਾਰੇ ਵੀ ਗੱਲ ਸੀ। ਤੁਹਾਨੂੰ ਪਤਾ ਹੈ ਕਿ ਸਾਡੀ ਜੀਡੀਪੀ ਇਸ ਸਮੇਂ 7 ਫੀਸਦ ਹੈ। ਤੁਸੀਂ ਹੋਰ ਲੋਕਾਂ ਦੀ ਜੀਡੀਪੀ ਦੀ ਜਾਂਚ ਕਰੋ, ਉਨ੍ਹਾਂ ਦੀ ਵਿਕਾਸ ਦਰ ਦੀ ਜਾਂਚ ਕਰੋ ਤੇ ਤੁਹਾਨੂੰ ਜਵਾਬ ਮਿਲ ਜਾਵੇਗਾ।’ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤ, ਚੀਨ, ਜਾਪਾਨ ਤੇ ਰੂਸ ਦੇ ‘ਜ਼ੈਨੋਫੋਬਿਕ’ ਸੁਭਾਅ ਨੂੰ ਉਨ੍ਹਾਂ ਦੇ ਆਰਥਿਕ ਸੰਕਟ ਦਾ ਕਾਰਨ ਦਸਦਿਆਂ ਦਾਅਵਾ ਕੀਤਾ ਸੀ ਕਿ ਅਮਰੀਕਾ ਦੀ ਆਰਥਿਕਤਾ ਇਸ ਕਾਰਨ ਵਿਕਾਸ ਕਰ ਰਹੀ ਹੈ ਕਿਉਂਕਿ ਉਨ੍ਹਾਂ ਦੀ ਧਰਤੀ ਪਰਵਾਸੀਆਂ ਦਾ ਸਵਾਗਤ ਕਰਦੀ ਹੈ। ਇਸ ਤੋਂ ਪਹਿਲਾਂ ਇਕਨੌਮਿਕਸ ਟਾਈਮਜ਼ ਨਾਲ ਗੱਲਬਾਤ ਕਰਦਿਆਂ ਜੈਸ਼ੰਕਰ ਨੇ ਭਾਰਤੀ ਅਰਥਚਾਰੇ ਦੇ ਲੜਖੜਾਉਣ ਦੇ ਦੋਸ਼ ਖਾਰਜ ਕਰ ਦਿੱਤੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਲਿਆਂਦਾ ਗਿਆ ਸੀਏਏ ਭਾਰਤ ਦੀ ਹੋਰਾਂ ਦਾ ਸਵਾਗਤ ਕਰਨ ਦੀ ਪਹੁੰਚ ਦਾ ਸਬੂਤ ਹੈ। ਉਨ੍ਹਾਂ ਕਿਹਾ, ‘ਇਸ ਲਈ ਅਸੀਂ ਸੀਏਏ ਲਿਆਂਦਾ ਜਿਸ ਨਾਲ ਉਨ੍ਹਾਂ ਸਾਰੇ ਲੋਕਾਂ ਲਈ ਦੇਸ਼ ਦੇ ਦਰਵਾਜ਼ੇ ਖੋਲ੍ਹੇ ਜਾ ਸਕਣ ਜੋ ਸੰਕਟ ’ਚ ਹਨ। ਸਾਨੂੰ ਲਗਦਾ ਹੈ ਕਿ ਸਾਨੂੰ ਉਨ੍ਹਾਂ ਲੋਕਾਂ ਲਈ ਦਰਵਾਜ਼ੇ ਖੁੱਲ੍ਹੇ ਰੱਖਣੇ ਚਾਹੀਦੇ ਹਨ ਜਿਨ੍ਹਾਂ ਨੂੰ ਭਾਰਤ ਦੀ ਲੋੜ ਹੈ।’ -ਏਐੱਨਆਈ

Advertisement

ਕੈਨੇਡਾ ਦੀ ਅੰਦਰੂਨੀ ਸਿਆਸਤ ਨਾਲ ਭਾਰਤ ਦਾ ਕੋਈ ਸਬੰਧ ਨਹੀਂ: ਵਿਦੇਸ਼ ਮੰਤਰੀ

ਭੁਬਨੇਸ਼ਵਰ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਤੇ ਕੈਨੇਡਾ ’ਚ ਜੋ ਕੁਝ ਹੋ ਰਿਹਾ ਹੈ, ਉਹ ਜ਼ਿਆਦਾਤਰ ਉਨ੍ਹਾਂ ਦੀ ਅੰਦਰੂਨੀ ਸਿਆਸਤ ਕਾਰਨ ਹੈ ਅਤੇ ਭਾਰਤ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਦੀ ਆਲੋਚਨਾ ਕੀਤੇ ਜਾਣ ਨਾਲ ਸਬੰਧਤ ਸਵਾਲਾਂ ਦਾ ਜਵਾਬ ਦੇ ਰਹੇ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵੱਖ ਵੱਖ ਖੇਤਰਾਂ ’ਚ ਵਿਕਸਿਤ ਭਾਰਤ ਜਿਹੇ ਹੋਰ ਵੱਡੇ ਸੁਧਾਰ ਲਿਆਉਣ ਲਈ ਦੇਸ਼ ਨੂੰ ਨਰਿੰਦਰ ਮੋਦੀ ਜਿਹੇ ਮਜ਼ਬੂਤ ਤੇ ਸਰਗਰਮ ਪ੍ਰਧਾਨ ਮੰਤਰੀ ਦੀ ਲੋੜ ਹੈ। ਉਨ੍ਹਾਂ ਕਿਹਾ, ‘ਭਾਰਤ ਦਾ ਅਕਸ ਇਸ ਸਮੇਂ ਬਹੁਤ ਵੱਡਾ ਹੈ। ਕੈਨੇਡਾ ਇੱਕ ਅਪਵਾਦ ਹੈ। ਤੁਸੀਂ ਦੇਖਿਆ ਹੈ ਕਿ ਵੱਖ ਵੱਖ ਮੁਲਕਾਂ ਦੇ ਮੁਖੀ ਭਾਰਤ ਤੇ ਇਸ ਦੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਦੇ ਹਨ।’ ਉਨ੍ਹਾਂ ਕਿਹਾ ਕਿ ਖਾਲਿਸਤਾਨੀ ਹਮਾਇਤੀਆਂ ਦਾ ਇੱਕ ਵਰਗ ਕੈਨੇਡਾ ਦੇ ਲੋਕਤੰਤਰ ਦੀ ਵਰਤੋਂ ਕਰ ਰਿਹਾ ਹੈ, ਇੱਕ ਲੌਬੀ ਬਣਾ ਰਿਹਾ ਹੈ ਅਤੇ ਵੋਟ ਬੈਂਕ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਹਾਕਮ ਧਿਰ ਕੋਲ ਸੰਸਦ ’ਚ ਬਹੁਮਤ ਨਹੀਂ ਹੈ ਅਤੇ ਕੁਝ ਪਾਰਟੀਆਂ ਖਾਲਿਸਤਾਨੀ ਹਮਾਇਤੀ ਆਗੂਆਂ ’ਤੇ ਨਿਰਭਰ ਹਨ। ਉਨ੍ਹਾਂ ਕਿਹਾ, ‘ਅਸੀਂ ਉਨ੍ਹਾਂ ਨੂੰ ਕਈ ਵਾਰ ਸਮਝਾਇਆ ਕਿ ਉਹ ਅਜਿਹੇ ਲੋਕਾਂ ਨੂੰ ਵੀਜ਼ਾ, ਵੈਧਤਾ ਜਾਂ ਸਿਆਸੀ ਥਾਂ ਨਾ ਦੇਣ ਜੋ ਉਨ੍ਹਾਂ (ਕੈਨੇਡਾ) ਲਈ, ਸਾਡੇ ਲਈ ਅਤੇ ਸਾਡੇ ਰਿਸ਼ਤਿਆਂ ਲਈ ਵੀ ਸਮੱਸਿਆ ਪੈਦਾ ਕਰ ਰਹੇ ਹਨ। ਪਰ ਕੈਨੇਡਾ ਸਰਕਾਰ ਨੇ ਕੁਝ ਨਹੀਂ ਕੀਤਾ।’ ਉਨ੍ਹਾਂ ਕਿਹਾ ਕਿ ਭਾਰਤ ਨੇ ਕੈਨੇਡਾ ਤੋਂ 25 ਵਿਅਕਤੀਆਂ, ਜਿਨ੍ਹਾਂ ’ਚੋਂ ਜ਼ਿਆਦਾਤਰ ਖਾਲਿਸਤਾਨ ਪੱਖੀ ਸਨ, ਦੀ ਹਵਾਲਗੀ ਮੰਗੀ ਸੀ ਪਰ ਉਨ੍ਹਾਂ ਕੋਈ ਧਿਆਨ ਨਾ ਦਿੱਤਾ। ਵਿਦੇਸ਼ ਮੰਤਰੀ ਨੇ ਕਿਹਾ, ‘ਕੈਨੇਡਾ ਨੇ ਕੋਈ ਸਬੂਤ ਨਹੀਂ ਦਿੱਤਾ। ਉਹ ਕੁਝ ਮਾਮਲਿਆਂ ’ਚ ਸਾਡੇ ਨਾਲ ਕੋਈ ਸਬੂਤ ਸਾਂਝਾ ਨਹੀਂ ਕਰਦੇ। ਪੁਲੀਸ ਏਜੰਸੀਆਂ ਵੀ ਸਾਡੇ ਨਾਲ ਸਹਿਯੋਗ ਨਹੀਂ ਕਰਦੀਆਂ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×