ਵਿਸ਼ਵ ਵਿੱਚ ਦੂਜੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਦਾ ਘਰ ਹੈ ਭਾਰਤ: ਮੁਰਮੂ
ਨਵੀਂ ਦਿੱਲੀ, 12 ਜੁਲਾਈ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਭਾਰਤ ਇਕ ਬਹੁ-ਸਭਿਆਚਾਰਕ ਅਤੇ ਬਹੁ-ਧਾਰਮਿਕ ਸਮਾਜ ਹੋਣ ਵਜੋਂ ਵਿਭਿੰਨਤਾ ਵਿੱਚ ਏਕਤਾ ਦਾ ਜਸ਼ਨ ਮਨਾਉਂਦਾ ਹੈ ਅਤੇ ਇਸ ਦੇ 20 ਕਰੋੜ ਤੋਂ ਵੱਧ ਮੁਸਲਮਾਨ ਲੋਕ ਦੇਸ਼ ਨੂੰ ਵਿਸ਼ਵ ਵਿੱਚ ਮੁਸਲਿਮ ਭਾਈਚਾਰੇ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਬਣਾਉਂਦੇ ਹਨ।
ਇੱਥੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਮੁਸਲਿਮ ਵਿਸ਼ਵ ਲੀਗ ਦੇ ਸਕੱਤਰ ਜਨਰਲ ਮੁਹੰਮਦ ਬਨਿ ਅਬਦੁਲਕਰੀਮ ਅਲ-ਇਸਾ ਦਾ ਸਵਾਗਤ ਕਰਦਿਆਂ ਮੁਰਮੂ ਨੇ ਕਿਹਾ ਕਿ ਭਾਰਤ ਸਹਿਣਸ਼ੀਲਤ ਦੀਆਂ ਕਦਰਾਂ ਕੀਮਤਾਂ, ਚੇਤਨਾ ਜਾਗ੍ਰਿਤੀ ਅਤੇ ਅੰਤਰ-ਧਾਰਮਿਕ ਗੱਲਬਾਤ ਨੂੰ ਬੜ੍ਹਾਵਾ ਦੇਣ ਸਬੰਧੀ ਮੁਸਲਿਮ ਵਿਸ਼ਵ ਲੀਗ ਦੇ ਯੋਗਦਾਨ ਦੀ ਸ਼ਲਾਘਾ ਕਰਦਾ ਹੈ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਮੁਰਮੂ ਨੇ ਕਿਹਾ ਕਿ ਬਹੁ-ਸਭਿਆਚਾਰਕ, ਬਹੁ-ਭਾਸ਼ਾਈ, ਬਹੁ-ਨਸਲੀ ਅਤੇ ਬਹੁ-ਧਾਰਮਿਕ ਸਮਾਜ ਦੇ ਰੂਪ ਵਿੱਚ ਭਾਰਤ ਵਿਭਿੰਨਤਾ ਵਿੱਚ ਏਕਤਾ ਦਾ ਜਸ਼ਨ ਮਨਾਉਂਦਾ ਹੈ। ਉਨ੍ਹਾਂ ਕਿਹਾ, ‘‘ਸਾਡੇ 20 ਕਰੋੜ ਤੋਂ ਵੱਧ ਮੁਸਲਮਾਨ ਭੈਣ-ਭਰਾ ਦੇਸ਼ ਨੂੰ ਦੁਨੀਆ ਵਿੱਚ ਦੂਜੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਵਾਲਾ ਦੇਸ਼ ਬਣਾਉਂਦੇ ਹਨ।’’ ਉਨ੍ਹਾਂ ਕਿਹਾ ਕਿ ਭਾਰਤ, ਸਾਊਦੀ ਅਰਬ ਦੇ ਨਾਲ ਆਪਣੇ ਸਬੰਧਾਂ ਨੂੰ ਕਾਫੀ ਅਹਿਮੀਅਤ ਦਿੰਦਾ ਹੈ। ਭਾਰਤ ਤੇ ਸਾਊਦੀ ਅਰਬ ਅਤਿਵਾਦੀ ਦੇ ਸਾਰੇ ਸਰੂਪਾਂ ਦੀ ਨਿਖੇਧੀ ਕਰਦੇ ਹਨ ਅਤੇ ਅਤਿਵਾਦ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਅਪੀਲ ਕਦਰੇ ਹਨ। ਬਿਆਨ ਮੁਤਾਬਕ, ‘‘ਦੋਹਾਂ ਆਗੂਆਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਅਤਿਵਾਦ ਤੇ ਹਿੰਸਕ ਕੱਟੜਵਾਦ ਨਾਲ ਮੁਕਾਬਲਾ ਕਰਨ ਵਾਸਤੇ ਸੰਪੂਰਨ ਪਹੁੰਚ ਅਪਣਾਉਣ ਦੀ ਲੋੜ ਹੈ ਅਤੇ ਇਹ ਸਿਰਫ ਉਦਾਰਵਾਦੀ ਵਿਚਾਰਾਂ ਨਾਲ ਹੀ ਸੰਭਵ ਹੈ। ਰਾਸ਼ਟਰਪਤੀ ਨੇ ਕੱਟੜਵਾਦ, ਹਿੰਸਾ ਅਤੇ ਅਤਿਵਾਦ ਖ਼ਿਲਾਫ਼ ਡਾ. ਅਲ-ਇਸਾ ਦੇ ਸਟੈਂਡ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਅਲ-ਇਸਾ ਦੇ ਭਾਰਤ ਦੌਰੇ ਨਾਲ ਮੁਸਲਿਮ ਵਿਸ਼ਵ ਲੀਗ ਨਾਲ ਸਹਿਯੋਗ ਦੇ ਹੋਰ ਰਸਤੇ ਖੁੱਲ੍ਹਣਗੇ। ਰਾਸ਼ਟਰਪਤੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦਾ ਵਪਾਰ ਤੇ ਲੋਕਾਂ ਨਾਲ ਸਾਂਝ ਦਾ ਸੁਖਾਵੇਂ ਸਬੰਧਾਂ ਵਾਲਾ ਇਤਿਹਾਸ ਰਿਹਾ ਹੈ। -ਪੀਟੀਆਈ
ਅਲ-ਇਸਾ ਨੇ ਮੋਦੀ ਦੇ ਸੰਮਲਿਤ ਵਿਕਾਸ ਪ੍ਰਤੀ ਭਾਵੁਕ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਤੋਂ ਇਕ ਦਨਿ ਬਾਅਦ ਮੁਸਲਿਮ ਵਿਸ਼ਵ ਲੀਗ ਦੇ ਸਕੱਤਰ ਜਨਰਲ ਸ਼ੇਖ ਮੁਹੰਮਦ ਬਨਿ ਅਬਦੁਲਕਰੀਮ ਅਲ-ਇਸਾ ਨੇ ਸੰਮਲਿਤ ਵਿਕਾਸ ਪ੍ਰਤੀ ਪ੍ਰਧਾਨ ਮੰਤਰੀ ਦੇ ਭਾਵੁਕ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੱਟੜਵਾਦ ਤੇ ਨਫ਼ਰਤ ਦੇ ਸਾਰੇ ਪਹਿਲੂਆਂ ਦਾ ਮੁਕਾਬਲਾ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਹਿਮੀਅਤ ’ਤੇ ਸਹਿਮਤ ਹੋਏ, ਭਾਵੇਂ ਕਿ ਅਜਿਹੀਆਂ ਘਟਨਾਵਾਂ ਦਾ ਸਰੋਤ ਕੁਝ ਵੀ ਹੋਵੇ। ਭਾਰਤ ਦੀ ਯਾਤਰਾ ’ਤੇ ਆਏ ਅਲ-ਇਸਾ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਅੰਤਰ-ਧਾਰਮਿਕ ਸੰਵਾਦ, ਕੱਟੜਵਾਦ ਦੀ ਵਿਚਾਰਧਾਰਾ ਦੇ ਟਾਕਰੇ, ਵਿਸ਼ਵ ਸ਼ਾਂਤੀ ਨੂੰ ਅੱਗੇ ਵਧਾਉਣ ਅਤੇ ਭਾਰਤ ਤੇ ਸਾਊਦੀ ਅਰਬ ਵਿਚਾਲੇ ਭਾਈਵਾਲੀ ਡੂੰਘੀ ਕਰਨ ਬਾਰੇ ਚਰਚਾ ਕੀਤੀ ਸੀ। ਮੁਸਲਿਮ ਵਿਸ਼ਵ ਲੀਗ ਦੇ ਸਕੱਤਰ ਜਨਰਲ ਨੇ ਇਕ ਟਵੀਟ ਵਿੱਚ ਕਿਹਾ, ‘‘ ਮੈਂ ਸੰਮਲਿਤ ਵਿਕਾਸ ਪ੍ਰਤੀ ਪ੍ਰਧਾਨ ਮੰਤਰੀ ਦੇ ਭਾਵੁਕ ਦ੍ਰਿਸ਼ਟੀਕੋਣ ਦੀ ਸ਼ਲਾਘਾ ਕਰਦਾ ਹਾਂ।’’ -ਪੀਟੀਆਈ