ਭਾਰਤ ਨੂੰ ਰੂਸ ਨਾਲ ਵਪਾਰ ਸੌ ਅਰਬ ਡਾਲਰ ਤੱਕ ਪੁੱਜਣ ਦਾ ਭਰੋਸਾ: ਜੈਸ਼ੰਕਰ
ਨਵੀਂ ਦਿੱਲੀ, 12 ਨਵੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਨੂੰ ਭਰੋਸਾ ਹੈ ਕਿ ਉਹ 2030 ਤੋਂ ਪਹਿਲਾਂ ਹੀ ਰੂਸ ਨਾਲ ਸਾਲਾਨਾ ਦੁਵੱਲੇ ਵਪਾਰ ਨੂੰ 100 ਅਰਬ ਅਮਰੀਕੀ ਡਾਲਰ ਤੱਕ ਪਹੁੰਚਾ ਦੇਵੇਗਾ ਅਤੇ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧਾਂ ਦੀ ਆਲਮੀ ਪੱਧਰ ’ਤੇ ਧਮਕ ਪਵੇਗੀ। ਉਨ੍ਹਾਂ ਕਿਹਾ ਕਿ ਵਪਾਰ ਵਿੱਚ ਚੁਣੌਤੀਆਂ ਰਹੀਆਂ ਹਨ, ਖਾਸ ਕਰ ਅਦਾਇਗੀਆਂ ਅਤੇ ਲੌਜਿਸਟਿਕਸ ਦੇ ਮਾਮਲੇ ਵਿੱਚ... ਅਤੇ ਇਨ੍ਹਾਂ ਨੂੰ ਕਾਫੀ ਹੱਦ ਤੱਕ ਹੱਲ ਵੀ ਕੀਤਾ ਗਿਆ ਹੈ ਪਰ ਹਾਲੇ ਵੀ ਕੁਝ ਕੰਮ ਕਰਨਾ ਬਾਕੀ ਹੈ। ਵਿਦੇਸ਼ ਮੰਤਰੀ ਨੇ ਵਪਾਰ, ਆਰਥਿਕ, ਵਿਗਿਆਨਕ, ਟੈਕਨੋਲੋਜੀ ਅਤੇ ਸੱਭਿਆਚਾਰਕ ਸਹਿਯੋਗ (ਆਈਆਰਆਈਜੀਸੀ-ਟੀਈਸੀ) ਬਾਰੇ 25ਵੇਂ ਭਾਰਤ-ਰੂਸ ਅੰਤਰ-ਸਰਕਾਰੀ ਕਮਿਸ਼ਨ ਦੀ ਮੀਟਿੰਗ ਦੌਰਾਨ ਇਹ ਗੱਲ ਆਖੀ।
ਮੀਟਿੰਗ ਵਿੱਚ ਰੂਸ ਦੇ ਵਫ਼ਦ ਦੀ ਅਗਵਾਈ ਇਸ ਦੇਸ਼ ਦੇ ਉਪ ਪ੍ਰਧਾਨ ਮੰਤਰੀ ਡੈਨਿਸ ਮੰਤੁਰੋਵ ਨੇ ਕੀਤੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਆਰਥਿਕ ਮੌਕਿਆਂ ਦੀ ਭਾਲ ਵਿੱਚ ਰੂਸ ਦੀ ਵਧਦੀ ਦਿਲਚਸਪੀ ਦਾ ਦੇਸ਼ ਸਵਾਗਤ ਕਰਦਾ ਹੈ ਅਤੇ ਉਸ ਦਾ ਪੂਰਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ, ‘‘’ਸਾਡੇ ਅਰਥਚਾਰੇ ਨਾ ਸਿਰਫ਼ ਕਈ ਮਾਮਲਿਆਂ ਵਿੱਚ ਇਕ-ਦੂਜੇ ਦੇ ਪੂਰਕ ਹਨ, ਸਗੋਂ ਦੋਵਾਂ ਦੇਸ਼ਾਂ ਨੂੰ ਕਈ ਸਾਲਾਂ ਤੋਂ ਕਾਇਮ ਆਪਸੀ ਭਰੋਸੇ ਦਾ ਵੀ ਫਾਇਦਾ ਮਿਲਦਾ ਹੈ। ਦੁਵੱਲੇ ਵਪਾਰ ਵਿੱਚ ਹੁਣ 66 ਅਰਬ ਅਮਰੀਕੀ ਡਾਲਰ ਦੇ ਵਾਧੇ ਦਾ ਅਨੁਮਾਨ ਹੈ ਅਤੇ ਇਹ ਪ੍ਰਭਾਵਸ਼ਾਲੀ ਹੈ।’’ -ਪੀਟੀਆਈ
ਮੇਕ ਇਨ ਇੰਡੀਆ ’ਚ ਰੂਸ ਦੀ ਦਿਲਚਸਪੀ
ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਵਿੱਚ ਰੂਸ ਦੀ ਵਧਦੀ ਦਿਲਚਸਪੀ ਨੂੰ ਦੇਖਿਆ ਹੈ ਅਤੇ ਇਸ ਨਾਲ ਦੋਵਾਂ ਧਿਰਾਂ ਦਰਮਿਆਨ ਸਾਂਝੇ ਉੱਦਮਾਂ ਤੇ ਹਰ ਤਰ੍ਹਾਂ ਦੇ ਸਹਿਯੋਗ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ, ‘‘ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ 2030 ਤੱਕ 100 ਅਰਬ ਅਮਰੀਕੀ ਡਾਲਰ ਦਾ ਵਪਾਰ ਟੀਚਾ ਕਰ ਲਵਾਂਗੇ, ਸਗੋਂ ਇਸ ਤੋਂ ਪਹਿਲਾਂ ਹੀ।’’