ਸੰਯੁਕਤ ਰਾਸ਼ਟਰ ’ਚ ਬਹੁਪੱਖੀ ਸੁਧਾਰ ਲਈ ਭਾਰਤ ਵਚਨਬੱਧ: ਹਰੀਸ਼
ਸੰਯੁਕਤ ਰਾਸ਼ਟਰ, 10 ਸਤੰਬਰ
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਨਵੇਂ ਸਥਾਈ ਪ੍ਰਤੀਨਿਧ ਪੀ. ਹਰੀਸ਼ ਨੇ ਇੱਥੇ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੂੰ ਆਪਣਾ ਪ੍ਰਮਾਣ ਪੱਤਰ ਸੌਂਪਦਿਆਂ ਵਿਸ਼ਵ ਸੰਸਥਾ ਵਿੱਚ ‘ਬਹੁਪੱਖੀ’ ਸੁਧਾਰ ਪ੍ਰਤੀ ਆਪਣੇ ਦੇਸ਼ ਦੀ ਵਚਨਬੱਧਤਾ ਦੁਹਰਾਈ। ਹਰੀਸ਼ ਨੇ ‘ਐਕਸ’ ’ਤੇ ਪੋਸਟ ’ਚ ਕਿਹਾ, ‘ਮੈਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੂੰ ਆਪਣਾ ਪ੍ਰਮਾਣ ਪੱਤਰ ਪੇਸ਼ ਕਰਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਾ ਬਹੁਤ ਮਾਣ ਅਤੇ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ।’ ਉਨ੍ਹਾਂ ਭਾਰਤ ਪ੍ਰਤੀ ਦੋਸਤੀ ਅਤੇ ਸਮਰਥਨ ਲਈ ਗੁਟੇਰੇਜ਼ ਦਾ ਧੰਨਵਾਦ ਵੀ ਕੀਤਾ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਰਾਜਦੂਤ ਦਾ ਅਹੁਦਾ ਸੰਭਾਲਣ ਲਈ ਪਿਛਲੇ ਹਫਤੇ ਨਿਊਯਾਰਕ ਆਏ ਹਰੀਸ਼ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ ਅਧਿਕਾਰਤ ਸਮਾਗਮ ਦੌਰਾਨ ਗੁਟੇਰੇਜ਼ ਨੂੰ ਆਪਣਾ ਪ੍ਰਮਾਣ ਪੱਤਰ ਸੌਂਪਿਆ। ਇਸ ਦੌਰਾਨ ਹਰੀਸ਼ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ। ਗੁਟੇਰੇਜ਼ ਨੇ ਕਿਹਾ, ‘ਤੁਹਾਡਾ ਸੁਆਗਤ ਹੈ। ਭਾਰਤ ਸੰਯੁਕਤ ਰਾਸ਼ਟਰ ਵਿੱਚ ਲੋਕਤੰਤਰੀ ਪ੍ਰਣਾਲੀ ਦਾ ਬੁਨਿਆਦੀ ਥੰਮ ਹੈ। ਭਾਰਤ ਅਤੇ ਸੰਯੁਕਤ ਰਾਸ਼ਟਰ ਵਿਚਾਲੇ ਸਹਿਯੋਗ ਮਿਸਾਲੀ ਹੈ। ਸਾਨੂੰ ਭਰੋਸਾ ਹੈ ਕਿ ਤੁਹਾਡੀ ਮੌਜੂਦਗੀ ਵਿੱਚ ਇਹ ਹੋਰ ਵੀ ਮਜ਼ਬੂਤ ਹੋਵੇਗਾ।’ ਹਰੀਸ਼ ਨੇ ਸੰਯੁਕਤ ਰਾਸ਼ਟਰ ਦੇ ਮੁਖੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀਆਂ ‘ਸ਼ੁਭਕਾਮਨਾਵਾਂ’ ਦਿੱਤੀਆਂ। -ਪੀਟੀਆਈ