ਕਾਂਗਰਸ ਤੋਂ ਭਾਜਪਾ ਦੇ ਦਬਦਬੇ ਵਾਲੇ ਨਿਜ਼ਾਮ ’ਚ ਬਦਲਦਾ ਦਿਖ ਰਿਹੈ ਭਾਰਤ
ਵਾਸ਼ਿੰਗਟਨ, 18 ਅਪਰੈਲ
ਅਮਰੀਕਾ ਦੇ ਉੱਘੇ ਮਾਹਿਰ ਐਸ਼ਲੇ ਜੇ. ਟੈਲਿਸ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਭਾਰਤ ਕਾਂਗਰਸ ਦੇ ਦਬਦਬੇ ਵਾਲੇ ਨਿਜ਼ਾਮ ਤੋਂ ਭਾਜਪਾ ਦੇ ਕੰਟਰੋਲ ਵਾਲੇ ਪ੍ਰਬੰਧ ’ਚ ਬਦਲ ਰਿਹਾ ਪਰ ਹਾਲੇ ਇਹ ਦੇਖਣਾ ਬਾਕੀ ਹੈ ਕਿ ਪਾਰਟੀ ਦੱਖਣ ਭਾਰਤ ’ਚ ਚੰਗੀ ਕਾਰਗੁਜ਼ਾਰੀ ਦਿਖਾ ਸਕਦੀ ਹੈ ਜਾਂ ਨਹੀਂ। ਉਨ੍ਹਾਂ ਨੇ ਇੱਕ ਵਿਚਾਰ ਚਰਚਾ ਦੌਰਾਨ ਇਹ ਟਿੱਪਣੀ ਕੀਤੀ ਜਿਸ ਵਿੱਚ ਇਸ ਗੱਲ ’ਤੇ ਚਰਚਾ ਹੋਈ ਕਿ ਕੀ ਕਿਸੇ ਇੱਕ ਇਕਾਈ (ਪਾਰਟੀ) ਦਾ ਬਹੁਤਾ ਤਾਕਤਵਰ ਹੋਣਾ ਜਮਹੂਰੀਅਤ ਦੇ ਲਿਹਾਜ਼ ਤੋਂ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ? ਥਿੰਕ ਟੈਂਕ ਕੈਨਰਜੀ ਐਂਡੋਮੈਂਟ ਵਿੱਚ ਸੀਨੀਅਰ ਮੈਂਬਰ ਐਸ਼ਲੇ ਜੇ. ਟੈਲਿਸ ਨੇ ਕਿਹਾ ਕਿ ਭਾਰਤ ਦੀਆਂ ਆਮ ਚੋਣਾਂ ਦੇ ਨਤੀਜਿਆਂ ਸਬੰਧੀ ਹਾਲੀਆ ਅਨੁਮਾਨਾਂ (ਓਪੀਨੀਅਨ ਪੋਲ) ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੱਤਾਧਾਰੀ ਭਾਜਪਾ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਂਦੀ ਦਿਖ ਰਹੀ ਹੈ। ਟੈਲਿਸ ਨੇ ਬੁੱਧਵਾਰ ਨੂੰ ‘ਭਾਰਤ ਵਿੱਚ ਮੋਦੀ ਦਾ ਤੀਜਾ ਕਾਰਜਕਾਲ’ ਵਿਸ਼ੇ ’ਤੇ ਪੈਨਲ ਚਰਚਾ ’ਚ ਕਿਹਾ ਕਿ ਜੇਕਰ ਇਹ ਚੋਣ ਅਨੁਮਾਨ ਸਹੀ ਹਨ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਅਗਲੇ ਪੰਜ ਸਾਲਾਂ ਲਈ ਰਾਜਨੀਤਕ ਦਬਦਬੇ ਸਦਕਾ ਬਹੁਮਤ ਨਾਲ ਚੁਣੇ ਜਾਣ ਦੀ ਸੰਭਾਵਨਾ ਹੈ। ਚਰਚਾ ਵਿੱਚ ਜੌਰਜ ਵਾਸ਼ਿੰਗਟਨ ਯੂਨੀਵਰਸਿਟੀ ਦੀ ਪ੍ਰੋਫੈਸਰ ਐਲਿਸਾ ਆਇਰਸ ਅਤੇ ‘ਦਿ ਏਸ਼ੀਆ ਗਰੁੱਪ ਟੂਡੇ’ ਨਾਲ ਸਬੰਧਤ ਅਸ਼ੋਕ ਮਲਿਕ ਨੇ ਵੀ ਹਿੱਸਾ ਲਿਆ। -ਪੀਟੀਆਈ